ਚੰਡੀਗੜ੍ਹ: ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿੱਖੀਆਂ ਟਿੱਪਣੀਆਂ ਕੀਤੀਆਂ। ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੇ ਤਰੀਕੇ ਸੁਝਾਉਣ ਸਬੰਧੀ ਐੱਸਜੀਪੀਸੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਕਮਿਸ਼ਨ ਅੱਗੇ ਪੇਸ਼ ਨਾ ਹੋਏ। ਜਿਸ ਉੱਤੇ ਕਮਿਸ਼ਨ ਨੇ ਇਤਰਾਜ ਜਤਾਇਆ ਹੈ।


ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਕਮਿਸ਼ਨ ਨੇ ਕਮੇਟੀ ਉਤੇ ਅੜਿੱਕੇ ਡਾਹੁਣ ਵਾਲੀ ਪਹੁੰਚ ਤੇ ਨਾ ਮਿਲਵਰਤਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਸ ਮੁੱਦੇ ਉਤੇ ਸਿਆਸਤਦਾਨਾਂ ਦੀ ਸੁਰ ਵਿੱਚ ਸੁਰ ਮਿਲਾ ਰਹੀ ਹੈ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੰਮਨ ਜਾਰੀ ਕਰਨ ਬਾਰੇ ਗ਼ਲਤ ਜਾਣਕਾਰੀ ਫੈਲਾ ਰਹੀ ਹੈ, ਜਦੋਂ ਕਿ ਉਸ ਨੂੰ ਭਲੀ ਭਾਂਤ ਪਤਾ ਹੈ ਕਿ ਅਜਿਹੇ ਕੋਈ ਸੰਮਨ ਜਾਰੀ ਨਹੀਂ ਹੋਏ।

ਕਮਿਸ਼ਨ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਤੋਂ ਇਹ ਆਸ ਕੀਤੀ ਜਾ ਰਹੀ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਵਿੱਚ ਕਮਿਸ਼ਨ ਦੀ ਮਦਦ ਵਾਸਤੇ ਅੱਗੇ ਆਏਗੀ। ਜਿਹੜੇ ਇਤਰਾਜ਼ ਉਠਾ ਰਹੇ ਹਨ, ਜਾਪਦਾ ਹੈ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਤੋਂ ਪਰਦਾ ਉੱਠਣ ਨਹੀਂ ਦੇਣਾ ਚਾਹੁੰਦੇ।

ਸ਼੍ਰੋਮਣੀ ਕਮੇਟੀ ਦਾ ਲਗਪਗ ਸਪੱਸ਼ਟ ਜ਼ਿਕਰ ਕਰਦਿਆਂ ਕਮਿਸ਼ਨ ਨੇ ਕਿਹਾ ਕਿ ਅਸਹਿਯੋਗ ਵਾਲੇ ਵਤੀਰੇ ਕਾਰਨ ਕਮਿਸ਼ਨ ਇਸ ਮਾਣਮੱਤੀ ਸੰਸਥਾ ਦੇ ਵਿਚਾਰਾਂ ਤੋਂ ਵਾਂਝਾ ਰਹਿ ਗਿਆ। ਕਮਿਸ਼ਨ ਕੋਲ ਚੁਣਨ ਲਈ ਕਈ ਰਾਹ ਸਨ ਪਰ ਉਹ ਮਿਲੇ ਟੀਚੇ ਪ੍ਰਤੀ ਖ਼ੁਦ ਨੂੰ ਸਮਰਪਿਤ ਰੱਖੇਗਾ। ਕਮਿਸ਼ਨ ਹੁਣ ਅਪ੍ਰਮਾਣਿਤ ਰਿਕਾਰਡ ਉਤੇ ਨਿਰਭਰ ਕਰੇਗਾ ਪਰ ਹਾਲੇ ਵੀ ਸ਼੍ਰੋਮਣੀ ਕਮੇਟੀ ਤੋਂ ਸਹਿਯੋਗ ਦਾ ਇੰਤਜ਼ਾਰ ਰਹੇਗਾ।