ਚੰਡੀਗੜ੍ਹ: ਪਿੰਡ ਫਫੜੇ ਭਾਈਕੇ ਵਿੱਚ ਇਤਿਹਾਸਕ ਗੁਰਦੁਆਰਾ ਦੇ ਲੰਗਰ ਵਿੱਚੋਂ 30 ਅਕਤੂਬਰ ਨੂੰ ਆਪਣੇ ਘਰ ਲਿਜਾਣ ਲਈ ਚੁੱਕੀ ਦਾਲ ਮੁੜ ਲੰਗਰ ਵਿੱਚ ਕਥਿਤ ਤੌਰ ’ਤੇ ਵਾਪਸ ਪਵਾਉਣ ਕਾਰਨ ਨਮੋਸ਼ੀ ਨਾ ਝੱਲਦਿਆਂ ਦਲਿਤ ਲੜਕੀ ਨੇ ਸਲਫਾਸ ਦੀ ਗੋਲੀ ਨਿਗਲ ਲਈ।
ਪੀੜਤ ਲੜਕੀ ਰਣਜੀਤ ਕੌਰ ਦੇ ਪਿਤਾ ਸਤਿਗੁਰ ਸਿੰਘ ਨੇ ਦੱਸਿਆ ਕਿ ਉਹ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਅਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਨੂੰ ਉਸ ਦੀ ਪਤਨੀ, ਜੋ ਦਮੇ ਦੀ ਮਰੀਜ਼ ਹੈ, ਜ਼ਿਆਦਾ ਬਿਮਾਰ ਸੀ। ਘਰ ਵਿੱਚ ਕੁਝ ਖਾਣ ਪੀਣ ਦਾ ਸਾਮਾਨ ਨਾ ਹੋਣ ਕਾਰਨ ਉਸ ਦੇ ਬੱਚੇ ਗੁਰਦੁਆਰੇ ਵਿੱਚ ਲੰਗਰ ਖਾਣ ਚਲੇ ਗਏ। ਉਸ ਦੀ ਵੱਡੀ ਲੜਕੀ ਰਣਜੀਤ ਕੌਰ ਨੇ ਸੋਚਿਆ ਕਿ ਮਾਂ ਬਿਮਾਰ ਹੋਣ ਕਾਰਨ ਘਰ ਵਿੱਚ ਸ਼ਾਮ ਦੀ ਦਾਲ ਨਹੀਂ ਬਣ ਸਕੇਗੀ ਤਾਂ ਜਦੋਂ ਹੋਰ ਲੋਕ ਲੰਗਰ ਵਿੱਚੋਂ ਆਪਣੇ ਘਰ ਲਈ ਦਾਲ ਭਾਂਡਿਆਂ ਵਿੱਚ ਪਾ ਰਹੇ ਸੀ ਤਾਂ ਉਸ ਦੀ ਲੜਕੀ ਨੇ ਵੀ ਲਿਫਾਫੇ ਵਿੱਚ ਦਾਲ ਪਾ ਲਈ।
ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਕਮੇਟੀ ਦੇ ਪ੍ਰਧਾਨ ਨੂੰ ਪਤਾ ਲੱਗਾ ਤਾਂ ਗੁਰਦੁਆਰੇ ਵਿੱਚੋਂ ਬਾਹਰ ਆ ਰਹੀ ਉਸ ਦੀ ਲੜਕੀ ਨੂੰ ਉਸ ਨੇ ਰੋਕ ਲਿਆ ਅਤੇ ਦਾਲ ਲਿਆਉਣ ਲਈ ਜ਼ਲੀਲ ਕੀਤਾ। ਇਸ ਤੋਂ ਬਾਅਦ ਉਸ ਦੀ ਲੜਕੀ ਤੋਂ ਦਾਲ ਵਾਪਸ ਲੰਗਰ ਵਿੱਚ ਪਵਾ ਲਈ। ਇਸ ਨਮੋਸ਼ੀ ਵਜੋਂ ਉਸ ਦੀ ਦਸਵੀਂ ਕਲਾਸ ਵਿੱਚ ਪੜ੍ਹਦੀ ਲੜਕੀ ਨੇ ਘਰ ਆ ਕੇ ਕਣਕ ਦੇ ਢੋਲ ਵਿੱਚ ਪਈ ਸਲਫਾਸ ਦੀ ਗੋਲੀ ਖਾ ਲਈ, ਜਦੋਂ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ।
ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਪ੍ਰਧਾਨ ਅਤੇ ਉਸ ਦੇ ਹਮਾਇਤੀਆਂ ਵੱਲੋਂ ਉਸ ਦੀ ਲੜਕੀ ਦਾ ਹਾਲ ਚਾਲ ਪੁੱਛਣ ਦੀ ਥਾਂ ਉਲਟਾ ਸਮਝੌਤਾ ਕਰਨ ਲਈ ਦਬਾਅ ਪਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਭੀਖੀ ਦੇ ਅਧਿਕਾਰੀ ਵੀ ਉਸ ਦੀ ਲੜਕੀ ਦੇ ਬਿਆਨ ਲਿਖਣ ਦੀ ਥਾਂ ਉਨ੍ਹਾਂ ‘ਤੇ ਸਮਝੌਤਾ ਕਰਨ ਦਾ ਕਥਿਤ ਦਬਾਅ ਪਾਉਣ ਲੱਗੇ।
ਲੜਕੀ ਰਣਜੀਤ ਕੌਰ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਹ ਮਾਨਸਾ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸੰਘਰਸ਼ ਦੀ ਚਿਤਾਵਨੀ ਮਗਰੋਂ ਭੀਖੀ ਪੁਲੀਸ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਸਿਵਲ ਹਸਪਤਾਲ ਵਿੱਚ ਦਾਖ਼ਲ ਲੜਕੀ ਦਾ ਪਤਾ ਲਿਆ। ਮਗਰੋਂ ਉਨ੍ਹਾਂ ਮਾਮਲਾ ਪੱਤਰਕਾਰਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਐਸ.ਐਸ.ਪੀ. ਮਾਨਸਾ ਤੋਂ ਮੰਗ ਕੀਤੀ ਕਿ ਦਲਿਤ ਲੜਕੀ ਤੋਂ ਲੰਗਰ ਦੀ ਦਾਲ ਵਾਪਸ ਕਰਵਾਉਣ ਅਤੇ ਜ਼ਲੀਲ ਕਰਨ ਵਾਲੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖ਼ਿਲਾਫ਼ ਐਸ.ਸੀ.ਐਸ.ਟੀ. ਐਕਟ ਤਹਿਤ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਭਲਕੇ 3 ਨਵੰਬਰ ਨੂੰ ਪਿੰਡ ਫਫੜੇ ਭਾਈਕੇ ਵਿੱਚ ਇਸ ਮਾਮਲੇ ਸਬੰਧੀ ਰੋਸ ਰੈਲੀ ਕੀਤੀ ਜਾਵੇਗੀ।
ਪਿੰਡ ਫਫੜੇ ਭਾਈਕੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸੰਗਤ ਨੂੰ ਲੰਗਰ ਘਰ ਲਿਜਾਣ ਤੋਂ ਲੋਕਾਂ ਦੇ ਕਹਿਣ ‘ਤੇ ਰੋਕਿਆ ਹੋਇਆ ਹੈ ਤਾਂ ਕਿ ਲੰਗਰ ਦੀ ਮਰਿਆਦਾ ਬਣੀ ਰਹੀ ਤੇ ਕੋਈ ਜੂਠੇ ਹੱਥ ਨਾ ਲੱਗਣ। ਇਸ ਦੇ ਬਾਵਜੂਦ ਸੇਵਾਦਾਰਾਂ ਨੂੰ ਪਾਸੇ ਕਰਕੇ ਇਸ ਲੜਕੀ ਨੇ ਦਾਲ ਨੂੰ ਲਿਫਾਫੇ ਵਿੱਚ ਪਾ ਲਈ। ਇਹ ਮਾਮਲਾ ਉਨ੍ਹਾਂ ਦੇ ਨੋਟਿਸ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਟੋਕਾ-ਟਾਕੀ ਜ਼ਰੂਰ ਕੀਤੀ ਹੈ, ਪਰ ਕੋਈ ਮਾੜਾ ਸ਼ਬਦ ਨਹੀਂ ਕਿਹਾ।