ਚੰਡੀਗੜ੍ਹ- ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗੜ੍ਹੀ ਫਤਹਿ ਖਾਂ ਦੀ ਵਸਨੀਕ ਗੁਰਬਖਸ਼ ਕੌਰ ਦੇ ਸਾਊਦੀ ਅਰਬ ਦੀ ਜੇਲ ਵਿੱਚੋਂ ਛੁੱਟ ਕੇ ਵਾਪਸ ਆਉਣ ਪਿੱਛੋਂ ਹੁਣ ਉਸ ਦੀ ਧੀ ਰੀਨਾ ਸਾਊਦੀ ਅਰਬ ਤੋਂ ਇਕ ਸ਼ੇਖ ਪਰਿਵਾਰ ਦੀ ਕੈਦ ਤੋਂ ਛੁੱਟ ਕੇ ਆਪਣੇ ਘਰ ਪਰਤ ਆਈ ਹੈ।ਵਾਪਸ ਆਉਣ ਉੱਤੇ ਰੀਨਾ ਰਾਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੋਈ ਵਿਅਕਤੀ ਆਪਣੀ ਧੀ ਨੂੰ ਕੰਮ ਲਈ ਸਾਊਦੀ ਅਰਬ ਜਾਂ ਹੋਰ ਅਰਬ ਦੇਸ਼ਾਂ ਵਿੱਚ ਨਾ ਭੇਜੇ, ਕਿਉਂਕਿ ਉਥੇ ਔਰਤਾਂ ਤੇ ਲੜਕੀਆਂ ਨਾਲ ਜੋ ਕੁਝ ਹੋ ਰਿਹਾ ਹੈ, ਉਹ ਦੱਸਣ ਯੋਗ ਨਹੀਂ ਹੈ। ਉਸ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਕੰਮ ਵਾਸਤੇ ਗਈਆਂ ਔਰਤਾਂ ਦੀ ਹਾਲਤ ਬਹੁਤ ਤਰਸ ਯੋਗ ਹੈ। ਉਥੇ ਔਰਤਾਂ ਤੋਂ ਕਈ-ਕਈ ਘੰਟੇ ਕੰਮ ਕਰਵਾਉਣ ਪਿੱਛੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।
ਉਸ ਨੇ ਦੱਸਿਆ ਕਿ ਮੈਨੂੰ ਜਿਸ ਘਰ ਵਿੱਚ ਰੱਖਿਆ ਗਿਆ, ਉਥੇ ਮੇਰੇ ਤੋਂ ਇਕ ਬੰਧੂਆ ਮਜ਼ਦੂਰ ਵਾਂਗ ਕੰਮ ਕਰਵਾਇਆ ਜਾਂਦਾ ਸੀ। ਦਿਨ ਵਿੱਚ 20-20 ਘੰਟੇ ਕੰਮ ਕਰਵਾਉਂਦੇ ਸਨ, ਛੋਟੀ ਜਿਹੀ ਗਲਤੀ ਉੱਤੇ ਮੇਰੇ ਨਾਲ ਪਰਵਾਰ ਦੀਆਂ ਔਰਤਾਂ ਕੁੱਟਮਾਰ ਕਰਦੀਆਂ ਸਨ। ਉਥੇ ਰਹਿ ਕੇ ਮੈਂ ਸੋਚਦੀ ਸੀ ਕਿ ਮੈਂ ਕਿਸ ਤਰ੍ਹਾਂ ਦੇ ਲੋਕਾਂ ਵਿਚਾਲੇ ਆ ਕੇ ਫਸ ਗਈ ਹਾਂ, ਜਿਹੜੇ ਮੈਨੂੰ ਇਨਸਾਨ ਹੀ ਨਹੀਂ ਸਮਝਦੇ। ਉਹ ਖੁਦ ਨੂੰ ਖਤਮ ਕਰਨ ਦਾ ਫੈਸਲਾ ਕਰ ਚੁੱਕੀ ਸੀ ਅਤੇ ਸੋਚਦੀ ਸੀ ਕਿ ਉਹ ਕਦੇ ਘਰ ਵਾਪਸ ਨਹੀਂ ਪਹੁੰਚ ਸਕੇਗੀ।
ਉਸ ਨੇ ਦੱਸਿਆ ਕਿ ਮਾਸੀ ਦੇ ਬੇਟੇ ਮਿੰਟੂ ਨਾਲ ਹੁੰਦੀ ਗੱਲਬਾਤ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਆਪਣੇ ਮਾੜੇ ਹਾਲਾਤ ਬਾਰੇ ਸੋਸ਼ਲ ਮੀਡੀਆ ਉੱਤੇ ਆਪਣੀ ਵੀਡੀਓ ਅਪਲੋਡ ਕਰਨੀ ਚਾਹੀਦੀ ਹੈ, ਜਿਸ ਪਿੱਛੋਂ ਉਸ ਨੇ ਇਹ ਕੰਮ ਕੀਤਾ ਅਤੇ ਉਸ ਦੀ ਫਰਿਆਦ ਕਾਰਨ ਉਸ ਨੂੰ ਬਣਦੀ ਮਦਦ ਮਿਲ ਸਕੀ ਤੇ ਉਹ ਪਿੰਡ ਪਰਤ ਆਈ ਹੈ।
ਉਸ ਨੇ ਕਿਹਾ ਕਿ ਤਿੰਨ ਮਹੀਨੇ ਦਾ ਸੰਤਾਪ ਉਸ ਨੂੰ ਸਾਰੀ ਜ਼ਿੰਦਗੀ ਯਾਦ ਰਹੇਗਾ। ਰੀਨਾ ਨੂੰ ਮਿਲ ਕੇ ਮਾਤਾ ਗੁਰਬਖਸ਼ ਕੌਰ ਅਤੇ ਪਿਤਾ ਗੁਰਮੇਲ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਥੰਮ੍ਹ ਨਹੀਂ ਰਹੇ। ਇਸ ਮੌਕੇ ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਦੋਸ਼ੀ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।