ਬਠਿੰਡਾ: ਬੀਕਾਨੇਰ ਦੇ ਰਹਿਣ ਵਾਲੇ 20 ਆਰ ਬਟਾਲੀਅਨ ਦੇ ਫ਼ੌਜੀ ਸਮੇਤ ਸੰਘਣੀ ਧੁੰਦ ਕਾਰਨ 2 ਲੋਕਾਂ ਮੌਤ ਹੋ ਗਈ। ਧੀਰਜ ਸਿੰਘ ਸ਼ੇਖਾਵਤ ਨਾਂ ਦਾ ਫ਼ੌਜੀ ਜਵਾਨ ਸ੍ਰੀਨਗਰ ਵਿੱਚ ਤੈਨਾਤ ਸੀ, ਉੱਥੋਂ ਉਹ 2 ਮਹੀਨਿਆਂ ਦੀ ਛੁੱਟੀ ਲੈ ਕੇ ਆਇਆ ਸੀ।
ਘਰ ਜਾਣ ਲਈ ਉਸ ਨੇ ਜੈਪੁਰ ਤਕ ਹਵਾਈ ਸਫ਼ਰ ਕਰਨ ਦਾ ਫੈਸਲਾ ਕੀਤਾ ਸੀ ਪਰ ਚੰਡੀਗੜ੍ਹ ਤੋਂ ਉਸ ਦੀ ਅਗਲੀ ਫਲਾਈਟ ਛੁੱਟ ਗਈ। ਉਸ ਨੇ ਚੰਡੀਗੜ੍ਹ ਤੋਂ ਗੁਰਿੰਦਰ ਸਿੰਘ ਨਾਂ ਦੇ ਟੈਕਸੀ ਚਾਲਕ ਨੂੰ ਘਰ ਛੱਡਣ ਲਈ ਬੁੱਕ ਕਰ ਲਿਆ।
ਭੁੱਚੋ ਕੋਲ ਪਹੁੰਚ ਕੇ ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਕਾਰ ਸੜਕ 'ਤੇ ਪਏ ਹੋਏ ਇੱਕ ਵੱਡੇ ਪੱਥਰ ਨਾਲ ਟੱਕਰ ਹੋ ਗਈ। ਇਸ ਕਾਰਨ ਟੈਕਸੀ ਚਾਲਕ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ। ਫ਼ੌਜੀ ਜਵਾਨ ਧੀਰਜ ਸਿੰਘ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਠਿੰਡਾ ਜ਼ਿਲ੍ਹ ਵਿੱਚ ਭੁੱਚੋ ਨਜ਼ਦੀਕ ਹੀ ਧੁੰਦ ਕਾਰਨ ਕਾਲਜ ਵਿਦਿਆਰਥੀਆਂ 'ਤੇ ਇੱਕ ਤੇਜ਼ ਰਫ਼ਤਾਰ ਟਿੱਪਰ ਜਾ ਚੜ੍ਹਿਆ ਸੀ ਜਿਸ ਕਾਰਨ ਤਕਰੀਬਨ 10 ਲੋਕਾਂ ਦੀ ਮੌਤ ਹੋ ਗਈ ਸੀ। ਧੁੰਧ ਕਾਰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਹਨ।