ਚੰਡੀਗੜ੍ਹ: ਗੜ੍ਹਸ਼ੰਕਰ ਦਾ ਇਕ ਨੌਜਵਾਨ ਨਵਜੀਤ ਸਿੰਘ ਦੀ ਤੁਰਕੀ ਤੋਂ ਸਾਥੀਆਂ ਸਮੇਤ ਗਰੀਸ ਦਾ ਬਾਰਡਰ ਪਾਰ ਕਰਦੇ ਸਮੇਂ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਗੜ੍ਹਸ਼ੰਕਰ ਦੇ ਵਾਰਡ 12 ਦਾ ਵਾਸੀ ਨਵਜੀਤ ਸਿੰਘ (28) ਪੁੱਤਰ ਬਲਵਿੰਦਰ ਸਿੰਘ ਇਕ ਏਜੰਟ ਰਾਹੀਂ ਬੀਤੀ 22 ਨਵੰਬਰ ਨੂੰ ਘਰੋਂ ਗਰੀਸ ਲਈ ਗਿਆ ਸੀ।
ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਏਜੰਟ ਨਵਜੀਤ ਸਿੰਘ ਨੂੰ ਦਿੱਲੀ ਤੋਂ ਉਡਾਣ ਰਾਹੀਂ ਗਰੀਸ ਲਿਜਾਣ ਦੀ ਗੱਲ ਕਹਿ ਕੇ ਲੈ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਨੂੰ ਨਵਜੀਤ ਸਿੰਘ ਨੇ ਦੱਸਿਆ ਸੀ ਕਿ ਉਹ ਗਰੀਸ ਦੀ ਬਜਾਏ ਤੁਰਕੀ ਪਹੁੰਚ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨਵਜੀਤ ਸਮੇਤ ਵੱਖ-ਵੱਖ ਥਾਵਾਂ ਦੇ 12 ਨੌਜਵਾਨ ਸਨ, ਜਿਨ੍ਹਾਂ ਨੂੰ ਏਜੰਟ ਦਿੱਲੀ ਤੋਂ ਤੁਰਕੀ ਲੈ ਕੇ ਗਿਆ ਤੇ ਅੱਗੋਂ ਇਨ੍ਹਾਂ ਨੂੰ ਗਰੀਸ ਦਾ ਬਾਰਡਰ ਪਾਰ ਕਰਵਾਇਆ ਜਾਣਾ ਸੀ। ਤੁਰਕੀ ਤੋਂ ਗਰੀਸ ਦਾ ਬਾਰਡਰ ਪਾਰ ਕਰਦੇ ਸਮੇਂ ਨਵਜੀਤ ਸਿੰਘ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵਜੀਤ ਸਿੰਘ ਦੇ ਬਾਕੀ 11 ਸਾਥੀ ਬਾਰਡਰ ਪਾਰ ਕਰਨ ਵਿੱਚ ਸਫਲ ਹੋ ਗਏ ਹਨ। ਵਿਦੇਸ਼ ਮੰਤਰਾਲੇ ਦੇ ਯਤਨ ਤੋਂ ਬਾਅਦ ਨਵਜੀਤ ਸਿੰਘ ਦੀ ਮ੍ਰਿਤਕ ਦੇਹ ਤੁਰਕੀ ਤੋਂ ਕੱਲ੍ਹ ਗੜ੍ਹਸ਼ੰਕਰ ਪਹੁੰਚਣ ‘ਤੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਸ ਦੀ ਮੌਤ ਦੇ ਅਸਲ ਕਾਰਨ ਤੁਰਕੀ ਵਿਖੇ ਹੋਏ ਪੋਸਟ ਮਾਰਟਮ ਦੀ ਰਿਪੋਰਟ ਤੋਂ ਸਪੱਸ਼ਟ ਹੋਣਗੇ।
ਪਰਿਵਾਰ ਨੇ ਇਸ ਕੇਸ ‘ਚ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਲਿਜਾ ਰਹੇ ਏਜੰਟ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਸਾਨੂੰ ਇਨਸਾਫ ਦਿੱਤਾ ਜਾਵੇ।
ਮ੍ਰਿਤਕ ਨੌਜਵਾਨ ਨਵਜੀਤ ਸਿੰਘ ਦੀ ਮ੍ਰਿਤਕ ਦੇਹ ‘ਤੇ ਲੱਗੇ ਨਿਸ਼ਾਨਾਂ ਤੋਂ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਗੋਲੀਆਂ ਲੱਗਣ ਨਾਲ ਉਸ ਦੀ ਮੌਤ ਹੋਈ ਹੋਵੇ।