ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਸਮਾਗਮਾਂ ਲਈ ਕਾਂਗਰਸ ਸਰਕਾਰ ਤਿੰਨ ਵਿਸ਼ੇਸ਼ ਰੇਲ ਗੱਡੀਆਂ ਲੈ ਕੇ ਪਟਨਾ ਸਾਹਿਬ ਜਾਵੇਗੀ।
ਪਟਨਾ ਸਾਹਿਬ ਦੀ ਯਾਤਰਾ ਲਈ ਪੰਜਾਬ ਸਰਕਾਰ ਨੇ ਤਿੰਨ ਰੇਲ ਗੱਡੀਆਂ ਨੂੰ ਰੇਲ ਮੰਤਰਾਲੇ ਤੋਂ ਲਿਆ ਹੈ। ਇਕ ਰੇਲ ਗੱਡੀ 75 ਲੱਖ ਰੁਪਏ ਵਿਚ ਆਈ ਹੈ। ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਤੋਂ 22 ਦਸੰਬਰ ਨੂੰ ਜਾਣ ਵਾਲੀਆਂ ਇਨ੍ਹਾਂ ਰੇਲ ਗੱਡੀਆਂ ਦਾ ਕਿਰਾਇਆ 2.25 ਕਰੋੜ ਰੁਪਏ ਆਵੇਗਾ, ਜਦਕਿ ਰੇਲ ਗੱਡੀ ਵਿਚ ਜਾਣ ਵਾਲੇ ਸ਼ਰਧਾਲੂਆਂ ਦੇ ਖਾਣ-ਪੀਣ, ਸੁਰੱਖਿਆ ਆਦਿ ਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਚੁੱਕੇਗੀ। ਇਸ ਦੇ ਲਈ ਬਕਾਇਦਾ ਸਰਕਾਰ ਨੇ ਹਰੇਕ ਵਿਧਾਇਕ ਨੂੰ 70 ਤੋਂ 75 ਸ਼ਰਧਾਲੂਆਂ ਨੂੰ ਭੇਜਣ ਲਈ ਕਿਹਾ ਹੈ। ਹਰੇਕ ਰੇਲ ਗੱਡੀ ਵਿਚ ਡੀਐੱਸਪੀ ਪੱਧਰ ਦਾ ਪੁਲਿਸ ਅਧਿਕਾਰੀ ਵੀ ਹੋਵੇਗਾ। ਇਸ ਤੋਂ ਇਲਾਵਾ ਡਾਕਟਰ ਆਦਿ ਵੀ ਵੀ ਸਹੂਲਤ ਹੋਵੇਗੀ।
ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਵਿਚ ਜਾਣ ਵਾਲੇ ਸ਼ਰਧਾਲੂਆਂ ਨੂੰ ਬਕਾਇਦਾ ਟਿਕਟ ਦਿੱਤੀ ਜਾਵੇਗੀ ਤਾਂ ਕਿ ਪਟਨਾ ਸਾਹਿਬ ਤੋਂ ਆਉਂਦੇ ਸਮੇਂ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਹੀ ਸੀਟ ਮਿਲ ਸਕੇ। ਇਸ ਸਭ 'ਤੇ ਪੰਜ ਕਰੋੜ ਤੋਂ ਵੱਧ ਦਾ ਖਰਚਾ ਆਉਣ ਦੀ ਉਮੀਦ ਹੈ।
ਜਿਕਰਯੋਗ ਹੈ ਕਿ ਆਰਥਿਕ ਸੰਕਟ ਦਾ ਹਵਾਲਾ ਦਿੰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਬੰਦ ਕਰ ਦਿੱਤਾ ਸੀ। ਹੁਣ ਕਾਂਗਰਸ ਮੁੜ ਉਸੇ ਰਸਤੇ 'ਤੇ ਚੱਲ ਰਹੀ ਹੈ।