ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਹਮਾਇਤੀਆਂ 'ਤੇ ਸਰਕਾਰ ਨੇ ਸ਼ਿਕੰਜਾ ਕੱਸ ਦਿੱਤਾ ਹੈ। ਕਿਸਾਨਾਂ ਲਈ ਬੱਸ ਭੇਜਣ ਵਾਲੇ ਟ੍ਰਾਂਸਪੋਰਟਰਾਂ ਨੂੰ ਨੋਟਿਸ ਜਾਰੀ ਹੋਏ ਹਨ। ਅਜਿਹਾ ਹੀ ਇੱਕ ਨੋਟਿਸ ਲੁਧਿਆਣਾ ਦੇ ਟ੍ਰਾਂਸਪੋਰਟਰ ਨੂੰ ਵੀਰਵਾਰ ਵਟਸਐਪ 'ਤੇ ਐਨਆਈਏ ਵੱਲੋਂ ਭੇਜਿਆ ਗਿਆ। ਉਨ੍ਹਾਂ ਨੂੰ 15 ਜਨਵਰੀ ਨੂੰ ਦਿੱਲੀ ਸਥਿਤ ਐਨਆਈਏ ਦੇ ਹੈੱਡਕੁਆਰਟਰ 'ਚ ਪੇਸ਼ ਹੋਣ ਨੂੰ ਕਿਹਾ ਗਿਆ ਹੈ। ਐਨਆਈਏ ਹੈੱਡਕੁਆਰਟਰ ਦਿੱਲੀ ਵੱਲ ਤੋਂ ਲੁਧਿਆਣਾ ਨਿਵਾਸੀ ਟ੍ਰਾਂਸਪੋਰਟਰ ਇੰਦਰਪਾਲ ਸਿੰਘ ਜੱਜ ਨੂੰ ਲਿਖਤੀ ਨੋਟਿਸ ਮਿਲਿਆ ਹੈ। ਅਜਿਹੇ ਨੋਟਿਸ ਹੋਰ ਲੋਕਾਂ ਨੂੰ ਵੀ ਮਿਲੇ ਹਨ।
ਟ੍ਰਾਂਸਪੋਰਟਰ ਨੇ ਦੱਸਿਆ ਕਿ ਇਹ ਨੋਟਿਸ ਐਨਆਈਏ ਦੇ ਇੰਸਪੈਕਟਰ ਆਫ ਪੁਲਿਸ ਰਵੀ ਰੰਜਨ ਵੱਲੋਂ 13 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ। ਨੋਟਿਸ 'ਚ ਉਨ੍ਹਾਂ ਨੂੰ 15 ਜਨਵਰੀ, 2021 ਨੂੰ ਸਵੇਰੇ ਸਾਢੇ 11 ਵਜੇ ਦਿੱਲੀ ਸਥਿਤ ਐਨਆਈਏ ਹੈੱਡਕੁਆਰਟਰ ਪੇਸ਼ ਹੋਣ ਲਈ ਕਿਹਾ ਹੈ। ਨੋਟਿਸ 'ਚ ਇੱਕ ਕੇਸ ਦਾ ਹਵਾਲਾ ਦਿੱਤਾ ਗਿਆ ਜੋ ਐਨਆਈਏ ਵੱਲੋਂ 15 ਦਸੰਬਰ ਨੂੰ ਦਰਜ ਕੀਤਾ ਗਿਆ ਸੀ। ਇਹ ਮਾਮਲਾ ਦੇਸ਼ਧ੍ਰੋਹੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਇਲਜ਼ਾਮ 'ਚ ਗੁਰਪਤਵੰਤ ਪੰਨੂ, ਪਰਮਜੀਤ ਸਿੰਘ ਪੰਮਾ, ਹਰਦੀਪ ਸਿੰਘ ਨਿੱਜਰ ਤੇ ਅਣਪਛਾਤੇ ਲੋਕਾਂ ਖਿਲਾਫ ਦਰਜ ਕੀਤਾ ਗਿਆ ਸੀ।
ਟ੍ਰਾਂਸਪੋਰਟਰ ਇੰਦਰਪਾਲ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਐਨਆਈਏ ਦਾ ਵਟਸਐਪ 'ਤੇ ਨੋਟਿਸ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਨਰੇਸ਼ ਕੁਮਾਰ ਤੇ ਜਸਪਾਲ ਨੇ ਉਨ੍ਹਾਂ ਦੀ ਬੱਸ ਕਿਰਾਏ 'ਤੇ ਲਏ ਸੀ। ਇੱਕ ਮਹੀਨਾ ਉਨ੍ਹਾਂ ਦੀ ਬੱਸ ਲੁਧਿਆਣਾ ਤੋਂ ਦਿੱਲੀ ਪ੍ਰਤੀ ਦਿਨ ਕਿਸਾਨਾਂ ਨੂੰ ਲੈ ਕੇ ਜਾ ਰਹੀ ਸੀ। ਉਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਇਹ ਨੋਟਿਸ ਕਿਉਂ ਭੇਜਿਆ ਗਿਆ। ਇਹ ਤਾਂ ਹੁਣ ਐਨਆਈਏ ਦੇ ਹੈੱਡ ਕੁਆਰਟਰ ਪਹੁੰਚਣ 'ਤੇ ਹੀ ਪਤਾ ਲੱਗੇਗਾ।
ਐਨਆਈਏ ਦੇ ਨੋਟਿਸ ਦੀ ਸੂਚਨਾ ਨਾਲ ਸਿਆਸਤ ਵੀ ਤੇਜ਼ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਨੋਟਿਸ ਨੂੰ ਗਲਤ ਦੱਸਦਿਆਂ ਇਸ ਨੂੰ ਸੁਪਰੀਮ ਕੋਰਟ ਚ ਚੈਲੰਜ ਕਰਨ ਦੀ ਗਲਤ ਆਖੀ ਹੈ। ਉਨ੍ਹਾਂ ਕਿਹਾ ਸੁਪਰੀਮ ਕੋਰਟ ਵੀ ਇਹ ਗੱਲ ਕਹਿ ਚੁੱਕਾ ਹੈ ਕਿ ਅੰਦੋਲਨ ਕਰਨਾ ਹਰ ਕਿਸੇ ਦਾ ਹੱਕ ਹੈ। ਅਜਿਹੇ 'ਚ ਐਨਆਈਏ ਵੱਲੋਂ ਟ੍ਰਾਂਸਪੋਰਟਰ ਨੂੰ ਨੋਟਿਸ ਭੇਜਣਾ ਗਲਤ ਹੈ। ਇਸ ਸਬੰਧੀ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਜਾਣੂ ਕਰਵਾ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ