ਪਟਿਆਲਾ: ਪੁਲਿਸ 'ਤੇ ਹਮਲੇ ਤੋਂ ਬਾਅਦ ਨਿਹੰਗ ਸਿੰਘ ਇੱਕ ਗੁਰਦੁਆਰੇ 'ਚ ਲੁਕੇ ਹੋਏ ਹਨ। ਪੁਲਿਸ ਤੇ ਨਿਹੰਗ ਸਿੰਘਾਂ ਵਿੱਚ ਗੋਲੀਬਾਰੀ ਵੀ ਹੋਈ ਹੈ। ਜਤਿੰਦਰ ਸਿੰਘ, ਪਟਿਆਲਾ ਜ਼ੋਨ ਦੇ ਆਈਜੀ ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਆਤਮ ਸਮਰਪਣ ਕਰਨ ਦੀ ਚਿਤਾਵਨੀ ਵੀ ਦਿੱਤੀ ਪਰ ਡੇਰੇ ਅੰਦਰ ਸਥਿਤ ਗੁਰਦੁਆਰਾ ਸਾਹਿਬ ਦੇ ਅੰਦਰੋਂ ਨਿਹੰਗ ਅਜੇ ਵੀ ਪੁਲਿਸ ਨੂੰ ਧਮਕੀਆਂ ਤੇ ਗਾਲ੍ਹਾਂ ਕੱਢ ਰਹੇ ਹਨ।



ਪੁਲਿਸ ਬਲ ਗੁਰਦੁਆਰਾ ਸਾਹਿਬ ਦੇ ਬਾਹਰ ਤਾਇਨਾਤ ਹੈ। ਏਡੀਜੀ ਖੁਦ ਕਮਾਂਡ ਕਰ ਰਹੇ ਹਨ। ਨਿਹੰਗਾਂ ਨੂੰ ਲਗਾਤਾਰ ਆਤਮ ਸਮਰਪਣ ਕਰਨ ਲਈ ਕਿਹਾ ਜਾ ਰਿਹਾ ਹੈ। ਫਿਲਹਾਲ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।



ਦੱਸ ਦਈਏ ਕਿ ਅੱਜ ਸਨੌਰ ਰੋਡ 'ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਸੀ, ਜਦ ਨਿਹੰਗ ਸਿੰਘਾਂ ਨੇ ਪੁਲਿਸ 'ਤੇ  ਹਮਲਾ ਕਰ ਦਿੱਤਾ। ਅੱਜ ਐਤਵਾਰ ਸਵੇਰੇ ਕਰੀਬ 6 ਵਜੇ ਹੋਏ ਇਸ ਹਮਲੇ 'ਚ ਇਕ ਏਐਸਆਈ ਦਾ ਗੁੱਟ ਕੱਟ ਦਿੱਤਾ, ਜਦਕਿ ਥਾਣਾ ਇੰਚਾਰਜ ਬਿੱਕਰ ਸਿੰਘ ਤੇ ਇਕ ਹੋਰ ਕਰਮਚਾਰੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।



ਗੁੱਟ ਕੱਟਣ ਨਾਲ ਜ਼ਖਮੀ ਹੋਏ ਏਐਸਆਈ ਨੂੰ ਗੰਭੀਰ ਹਾਲਤ 'ਚ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।