ਚੰਡੀਗੜ੍ਹ: ਧਾਰਾ 370 ਹਟਾਉਣ ਮਗਰੋਂ ਕਸ਼ਮੀਰ ਵਿੱਚ ਸਖਤੀ ਬਰਕਰਾਰ ਹੈ। ਸਰਕਾਰ ਬੇਸ਼ੱਕ ਸ਼ਾਂਤੀ ਦੇ ਦਾਅਵੇ ਕਰ ਰਹੀ ਹੈ ਪਰ ਕਿਸੇ ਵੀ ਲੀਡਰ ਜਾਂ ਸਮਾਜਿਕ ਕਾਰਕੁਨ ਨੂੰ ਵਾਦੀ ਵਿੱਚ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ। ਸਰਕਾਰ ਨੇ ਇੱਥੋਂ ਤੱਕ ਸਖਤੀ ਕੀਤੀ ਹੋਈ ਹੈ ਕਿ ਬੁੱਧੀਜੀਵੀਆਂ ਤੇ ਧਾਰਮਿਕ ਸ਼ਖ਼ਸੀਅਤਾਂ ਨੂੰ ਕਸ਼ਮੀਰੀਆਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

'ਪਿੰਡ ਬਚਾਓ-ਪੰਜਾਬ ਬਚਾਓ' ਮੁਹਿੰਮ ਨਾਲ ਜੁੜੇ ਬੁੱਧੀਜੀਵੀਆਂ ਦੇ 12 ਮੈਂਬਰੀ ਵਫ਼ਦ ਨੇ ਬੁੱਧਵਾਰ ਨੂੰ ਕਸ਼ਮੀਰ ਜਾਣ ਦੀ ਕੋਸ਼ਿਸ਼ ਕੀਤੀ। ਇਹ ਵਫਦ ਕਸ਼ਮੀਰੀ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀ ਖਬਰਸਾਰ ਲੈਣਾ ਚਾਹੁੰਦੇ ਸੀ। ਹੈਰਾਨੀ ਦੀ ਗੱਲ਼ ਹੈ ਕਿ ਇਸ ਵਫ਼ਦ ਨੂੰ ਜੰਮੂ ਦੀ ਹੱਦ ਤੋਂ ਪਹਿਲਾਂ ਹੀ ਮਾਧੋਪੁਰ ਹੈੱਡ ’ਤੇ ਪੰਜਾਬ ਪੁਲਿਸ ਵੱਲੋਂ ਰੋਕ ਦਿੱਤਾ ਗਿਆ।

ਇਸ ਵਫ਼ਦ ਵਿੱਚ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਬਲਵੰਤ ਸਿੰਘ ਖੇੜਾ, ਡਾ. ਪਿਆਰਾ ਲਾਲ ਗਰਗ, ਪ੍ਰੋ. ਮਨਜੀਤ ਸਿੰਘ, ਡਾ. ਮੇਘਾ ਸਿੰਘ, ਖੁਸ਼ਹਾਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਪ੍ਰੋ. ਸ਼ਾਮ ਸਿੰਘ, ਜਸਵਿੰਦਰ ਸਿੰਘ, ਹਰਿੰਦਰ ਸਿੰਘ ਮਾਨਸ਼ਾਹੀਆ, ਕਰਨੈਲ ਸਿੰਘ, ਭਾਈ ਸਤਨਾਮ ਸਿੰਘ ਖੰਡਾ ਤੇ ਖੁਸ਼ਹਾਲ ਸਿੰਘ ਸ਼ਾਮਲ ਸਨ।

ਵਫ਼ਦ ਅੰਮ੍ਰਿਤਸਰ ਤੋਂ ਸੜਕ ਰਸਤੇ ਜੰਮੂ ਕਸ਼ਮੀਰ ਜਾਣ ਵਾਸਤੇ ਰਵਾਨਾ ਹੋਇਆ ਸੀ ਪਰ ਉਨ੍ਹਾਂ ਨੂੰ ਲਖਨਪੁਰ ਬੈਰੀਅਰ ਤੋਂ ਪਹਿਲਾਂ ਹੀ ਮਾਧੋਪੁਰ ਹੈੱਡ ਵਿਖੇ ਰੋਕ ਲਿਆ ਗਿਆ। ਵਫਦ ਦਾ ਕਹਿਣਾ ਹੈ ਕਿ ਗੁਆਂਢੀ ਸੂਬੇ ਜੰਮੂ ਕਸ਼ਮੀਰ ਦੇ ਲੋਕ ਮੁਸ਼ਕਲ ਵਿੱਚ ਹਨ। ਧਾਰਾ 370 ਤੇ 35-ਏ ਖ਼ਤਮ ਕਰਨ ਮਗਰੋਂ ਵਾਦੀ ਵਿੱਚ ਰਹਿੰਦੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਸੰਚਾਰ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ ਤੇ ਲੋਕਾਂ ਦਾ ਕਿਸੇ ਨਾਲ ਸੰਪਰਕ ਨਹੀਂ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੋਜ਼ਾਨਾ ਦੀਆਂ ਵਸਤਾਂ ਤੇ ਸੇਵਾਵਾਂ ਵੀ ਨਹੀਂ ਮਿਲ ਰਹੀਆਂ ਹਨ। ਬਿਮਾਰ ਲੋਕਾਂ ਨੂੰ ਇਲਾਜ ਦੀ ਸਹੂਲਤ ਵੀ ਨਹੀਂ ਮਿਲ ਰਹੀ। ਉਨ੍ਹਾਂ ਕਸ਼ਮੀਰ ਵਾਦੀ ਵਿੱਚ ਗਰਭਵਤੀ ਔਰਤ ਦੀ ਹਸਪਤਾਲ ਵਿੱਚ ਹੋਈ ਮੌਤ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬੀ ਹੋਣ ਵਜੋਂ ਉਹ ਆਪਣੇ ਹਮਸਾਇਆਂ ਦੀ ਔਖੀ ਘੜੀ ਵਿੱਚ ਹਾਅ ਦਾ ਨਾਅਰਾ ਮਾਰਨ ਵਾਸਤੇ ਜੰਮੂ ਕਸ਼ਮੀਰ ਜਾ ਰਹੇ ਸਨ।