ਕੋਰੋਨਾ ਕਰਫਿਊ-ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ ਰਾਸ਼ਨ, ਨਹੀਂ ਲੈ ਰਿਹਾ ਕੋਈ ਵੀ ਸਾਰ

ਏਬੀਪੀ ਸਾਂਝਾ Updated at: 28 Mar 2020 05:15 PM (IST)

ਕਰਫਿਊ ਕਾਰਨ ਵੰਡਣ ਲਈ ਵੀ ਰਾਸ਼ਨ ਨਹੀਂ ਮਿਲ ਰਿਹਾ, ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਨਹੀਂ ਪੁੱਜਾ ਸਾਰ ਲੈਣ

NEXT PREV
ਗਗਨਦੀਪ ਸ਼ਰਮਾ

ਅੰਮ੍ਰਿਤਸਰ: ਕਰੋਨਾ ਵਾਇਰਸ ਦੇ ਕਾਰਨ ਜਿੱਥੇ ਭਾਰਤ ਦੇ ਵਿੱਚ ਲੌਕਡਾਉਨ ਅਤੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਉੱਥੇ ਲੋਕਾਂ ਨੂੰ ਆਪਣੇ ਘਰਾਂ ਅਤੇ ਪਿੰਡਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਖਾਸੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼ਹਿਰਾਂ ਵਿੱਚ ਹਲਾਤ ਕੁਝ ਹੋਰ ਹੋ ਸਕਦੇ ਹਨ, ਪਰ ਸਰਹੱਦੀ ਪਿੰਡਾਂ ਦੀ ਕਹਾਣੀ ਤੇ ਸਮੱਸਿਆਵਾਂ ਵੱਖਰੀਆਂ ਹਨ। ਪਿੰਡਾਂ ਦੇ ਵਿੱਚ ਬਹੁਤੇ ਲੋਕ ਦਿਹਾੜੀ ਕਰਕੇ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਹਨ ਅਤੇ ਪਿੰਡਾਂ ਦੇ ਵਿੱਚ ਵੱਡੀਆਂ ਦੁਕਾਨਾਂ ਵੀ ਨਹੀਂ ਹਨ ਅਤੇ ਛੋਟੀਆਂ ਦੁਕਾਨਾਂ ਤੋਂ ਰਾਸ਼ਨ ਪਹਿਲਾਂ ਹੀ ਖਤਮ ਹੋਇਆ ਪਿਆ ਹੈ। ਹਾਲਾਂਕਿ ਪਿੰਡਾਂ ਦੇ ਵਿੱਚ ਕਈ ਲੋਕ ਗਰੀਬ ਪਰਿਵਾਰਾਂ ਦੇ ਰਾਸ਼ਨ ਦਾ ਪ੍ਰਬੰਧ ਤਾਂ ਕਰ ਰਹੇ ਹਨ ਪਰ ਉਹ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੈਸੇ ਤਾਂ ਇਕੱਠੇ ਕਰ ਰਹੇ ਹਾਂ ਪਰ ਵੱਡੀ ਸਮੱਸਿਆ ਰਾਸ਼ਨ ਲਿਆਉਣ ਦੀ ਹੈ ਕਿਉਂਕਿ ਜਿਨ੍ਹਾਂ ਰਾਸ਼ਨ ਪਿੰਡਾਂ ਦੇ ਵਿੱਚ ਵੰਡਣ ਲਈ ਸਾਨੂੰ ਚਾਹੀਦਾ ਹੈ ਉਹ ਸ਼ਹਿਰਾਂ ਦੇ ਵਿੱਚੋਂ ਹੀ ਵੱਡੀਆਂ ਦੁਕਾਨਾਂ ਤੋਂ ਮਿਲੇਗਾ ਪਰ ਸਾਨੂੰ ਪਿੰਡਾਂ ਦੇ ਵਿੱਚੋਂ ਨਿਕਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ।

ਭਾਰਤ ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਉੱਪਰ ਸਥਿਤ ਇਤਿਹਾਸਕ ਪਿੰਡ ਰਾਜਾਤਾਲ ਦੇ ਸਰਪੰਚ ਮਨਰਿਆਸਤ ਸਿੰਘ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਤੱਕ ਨਹੀਂ ਪਹੁੰਚਿਆ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਨੇ ਸਾਰ ਲਈ ਹੈ। ਉਹ ਆਪਣੇ ਤੌਰ ਤੇ ਹੀ ਪਿੰਡ ਦੇ ਵਿੱਚ ਰਾਸ਼ਨ ਅਤੇ ਦੁੱਧ ਦਾ ਪ੍ਰਬੰਧ ਕਰਕੇ ਵੰਡ ਰਹੇ ਹਨ।

ਸਰਪੰਚ ਨੇ ਕਿਹਾ ਕਿ

ਸਾਨੂੰ ਵੀ ਸਮੱਸਿਆ ਇਹ ਆ ਰਹੀ ਹੈ ਕਿ ਸਾਡੇ ਕੋਲ ਵੰਡਣ ਲਈ ਰਾਸ਼ਨ ਨਹੀਂ ਹੈ। ਸਾਨੂੰ ਸ਼ਹਿਰ ਦੇ ਵਿੱਚ ਜਾ ਕੇ ਦੁਕਾਨਾਂ ਤੋਂ ਰਾਸ਼ਨ ਲਿਆਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਤਾਂ ਕਿ ਅਸੀਂ ਪਿੰਡਾਂ ਦੇ ਵਿੱਚ ਰਾਸ਼ਨ ਨੂੰ ਵੰਡ ਸਕੀਏ। ਇਸਦੇ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹਰ ਪਿੰਡ ਦੇ ਵਿੱਚ ਕਮੇਟੀਆਂ ਬਣਾ ਦੇਣੀਆਂ ਚਾਹੀਦੀਆਂ ਹਨ। ਪਿੰਡ ਰਾਜਾਤਾਲ ਦੇ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕੇ ਪਿੰਡਾਂ ਦੀਆਂ ਸਮੱਸਿਆਵਾਂ ਸ਼ਹਿਰ ਤੋਂ ਵੱਖਰੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਹੱਲ ਪਿੰਡਾਂ ਦੇ ਵਿੱਚ ਆ ਕੇ ਸਰਪੰਚਾਂ ਦੇ ਨਾਲ ਗੱਲ ਕਰਕੇ ਇਹ ਹੋਣਾ ਚਾਹੀਦਾ ਹੈ। ਪਰ ਸਾਡੇ ਪਿੰਡਾਂ ਦੇ ਵਿੱਚ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਤੱਕ ਨਹੀਂ ਪਹੁੰਚਿਆ।-


ਇਸੇ ਦੌਰਾਨ ਅੰਮ੍ਰਿਤਸਰ ਵਿੱਚ ਇੱਕ ਮਨਦੀਪ ਸਿੰਘ ਨਾਮ ਦਾ ਦੁਕਾਨਦਾਰ ਰਾਸ਼ਨ ਦੀ ਦੁਕਾਨ ਨਹੀਂ ਖੋਲ੍ਹ ਰਿਹਾ ਸੀ। ਗੁੱਸੇ ਵਿੱਚ 10-12 ਲੋਕਾਂ ਨੇ ਪਹਿਲਾਂ ਹਮਲਾ ਕੀਤਾ ਅਤੇ ਫਿਰ ਫਾਇਰ ਕੀਤੇ।ਜਿਸ ਤੋਂ ਬਾਅਦ ਦੁਕਾਨਦਾਰ ਫਰਾਰ ਹੋ ਗਿਆ ਅਤੇ ਆਪਣੀ ਜਾਨ ਬਚਾਈ। ਹਮਲੇ ਵਿੱਚ ਗੁਆਂਢੀ ਜ਼ਖਮੀ ਹੋ ਗਿਆ। ਜਿਥੇ ਸਰਕਾਰ ਨੇ ਘਰ-ਘਰ ਜਾ ਕੇ ਸਪਲਾਈ ਕਰਨ ਦੇ ਦਾਅਵੇ ਕੀਤੇ ਹਨ। ਹਾਲਾਂਕਿ, ਉਹ ਹਾਲੇ ਜ਼ਮੀਨ 'ਤੇ ਉਤਰੇ ਦਿਖਾਈ ਨਹੀਂ ਦਿੰਦੇ।

- - - - - - - - - Advertisement - - - - - - - - -

© Copyright@2025.ABP Network Private Limited. All rights reserved.