ਕੋਲਕਾਤਾ: ਦਿੱਲੀ ’ਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਆਗੂਆਂ ਨੇ ਅੱਜ ਪੱਛਮੀ ਬੰਗਾਲ ’ਚ ਪਹੁੰਚ ਵੱਡਾ ਐਲਾਨ ਕੀਤਾ ਹੈ। ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਸਾਨ ਲੀਡਰਾਂ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਬੀਜੇਪੀ ਨੂੰ ਹਰਾਉਣਾ ਜ਼ਰੂਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਪਾਰਟੀ ਦੀ ਹਮਾਇਤ ਨਹੀਂ ਕਰ ਰਹੇ ਪਰ ਬੰਗਾਲ ਚੋਣਾਂ ਵਿੱਚ ਜੇ ਭਾਜਪਾ ਹਾਰ ਜਾਂਦੀ ਹੈ, ਤਾਂ ਉਸ ਦਾ ਘਮੰਡ ਟੁੱਟ ਜਾਵੇਗਾ ਤੇ ਫਿਰ ਕਿਸਾਨਾਂ ਦੀ ਮੰਨੀ ਜਾਵੇਗੀ।

 



ਕਿਸਾਨ ਏਕਤਾ ਮੋਰਚਾ ਨੇ ਆਪਣੇ ਟਵੀਟ ਰਾਹੀਂ ਦੱਸਿਆ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਨੋ ਵੋਟ ਟੂ ਬੀਜੇਪੀ’ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸਾਡੀ ਲੋਕਾਂ ਨੂੰ ਅਪੀਲ ਹੈ ਕਿ ਉਹ ਉਸ ਪਾਰਟੀ ਵਿਰੁੱਧ ਡਟਣ, ਜੋ ਕਿਸਾਨ ਵਿਰੋਧੀ ਕਾਨੂੰਨ ਲਿਆਉਂਦੀ ਹੈ।

 
ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਘੱਟੋ-ਘੱਟ ਸਮਰਥਨ ਮੁੱਲ (MSP) ਲਈ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਸਿੰਘੂ, ਟੀਕਰੀ ਤੇ ਗ਼ਾਜ਼ੀਪੁਰ ਬਾਰਡਰ ਉੱਤੇ ਕਿਸਾਨ ਪਿਛਲੇ ਸਾਲ ਨਵੰਬਰ ਮਹੀਨੇ ਦੇ ਅੰਤ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਹਨ।

 
ਕਿਸਾਨ ਜਥੇਬੰਦੀਆਂ ਨੇ 26 ਮਾਰਚ ਨੂੰ ਆਪਣੇ ਅੰਦੋਲਨ ਦੇ ਚਾਰ ਮਹੀਨੇ ਮੁਕੰਮਲ ਹੋਣ ਮੌਕੇ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ 28 ਮਾਰਚ ਨੂੰ ‘ਹੋਲਿਕਾ ਦਹਿਨ’ ਮੌਕੇ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਵੀ ਫ਼ੈਸਲਾ ਲਿਆ ਗਿਆ ਹੈ।

 

ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਪਹਿਲਾਂ ਕਿਹਾ ਸੀ ਕਿ ਕਿਸਾਨ ਤੇ ਟ੍ਰੇਡ ਯੂਨੀਅਨਾਂ ਮਿਲ ਕੇ 15 ਮਾਰਚ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਤੇ ਨਿਜੀਕਰਨ ਵਿਰੁੱਧ ਪ੍ਰਦਰਸ਼ਨ ਕਰਨਗੇ। ਇਸ ਮੌਕੇ ਡੀਜ਼ਲ, ਪੈਟਰੋਲ ਤੇ ਐੱਲਪੀਜੀ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਜ਼ਿਲ੍ਹਾ ਅਧਿਕਾਰੀਆਂ ਨੂੰ ਯਾਦ ਪੱਤਰ ਦਿੱਤੇ ਜਾਣਗੇ। ਨਿਜੀਕਰਣ ਵਿਰੁੱਧ ਸਮੁੱਚੇ ਦੇਸ਼ ਵਿੱਚ ਰੇਲਵੇ ਸਟੇਸ਼ਨਾਂ ਉੱਤੇ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ।