ਚੰਡੀਗੜ੍ਹ: ਸੰਨ 1986 ਵਿੱਚ ਵਾਪਰੇ ਨਕੋਦਰ ਬੇਅਦਬੀ ਕਾਂਡ ਤੋਂ ਬਾਅਦ ਪੁਲਿਸ ਫਾਇਰਿੰਗ 'ਚ ਮਾਰੇ ਗਏ ਤਿੰਨ ਨੌਜਵਾਨਾਂ ਦਾ ਮਾਮਲਾ ਮੁੜ ਤੋਂ ਹਾਈ ਕੋਰਟ ਪਹੁੰਚ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਾਮਲੇ 'ਚ ਪੰਜਾਬ ਸਰਕਾਰ ਦੇ ਨਾਲ ਤਤਕਾਲੀ ਜ਼ਿਲ੍ਹਾ ਮੈਜਿਸਟ੍ਰੇਟ ਤੇ ਮੌਜੂਦਾ ਅਕਾਲੀ ਨੇਤਾ ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ।

ਵਕੀਲ ਐਚਸੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਦੇ ਪਿਤਾ ਬਲਦੇਵ ਸਿੰਘ ਵੱਲੋਂ ਅਦਾਲਤ ਵਿੱਚ ਪਟੀਸ਼ਨ ਪਾਈ ਸੀ। ਇਸ ਦੀ ਸੁਣਵਾਈ ਦੌਰਾਨ ਹੁਣ ਅਦਾਲਤ ਨੇ ਪੰਜਾਬ ਸਰਕਾਰ ਦੇ ਨਾਲ ਦਰਬਾਰ ਸਿੰਘ ਗੁਰੂ, ਐਸਐਪੀ ਮੁਹੰਮਦ ਇਜ਼ਹਾਰ ਆਲਮ ਅਤੇ ਏਕੇ ਸ਼ਰਮਾ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਹੈ। ਸਾਰੀਆਂ ਧਿਰਾਂ ਮਾਮਲੇ ਦੀ ਅਗਲੀ ਤਾਰੀਖ ਯਾਨੀ 14 ਅਗਸਤ ਤਕ ਆਪਣੀ ਸਫਾਈ ਪੇਸ਼ ਕਰਨੀ ਹੈ।

ਸੰਨ 1986 ਵਿੱਚ ਨਕੋਦਰ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਤੋਂ ਬਾਅਦ ਰੋਸ ਧਰਨੇ 'ਤੇ ਬੈਠੇ ਸਿੱਖਾਂ 'ਤੇ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਸੀ। ਇਸ ਗੋਲ਼ੀਬਾਰੀ ਵਿੱਚ ਧਰਨੇ 'ਤੇ ਬੈਠੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ। ਹਾਲਾਂਕਿ, ਇਸ ਘਟਨਾ ਦੀ ਜਾਂਚ ਜਸਟਿਸ ਗੁਰਨਾਮ ਸਿੰਘ ਨੇ ਕੀਤੀ ਸੀ ਪਰ ਉਨ੍ਹਾਂ ਦੀ ਰਿਪੋਰਟ ਨੂੰ ਵਿਧਾਨ ਸਭਾ ਵਿੱਚ ਪੇਸ਼ ਵੀ ਨਹੀਂ ਕੀਤਾ ਗਿਆ।