ਸੰਗਰੂਰ: ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਪਿੰਡ ਫੂਲਦ ਨੇੜੇ ਪਿਆ ਪਾੜ 100 ਘੰਟੇ ਤੋਂ ਬਾਅਦ ਵੀ ਨਹੀਂ ਪੂਰਿਆ ਗਿਆ। ਪਾੜ ਨੂੰ ਪੂਰਨ ਲਈ ਫ਼ੌਜ, ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਦੇ ਨਾਲ-ਨਾਲ ਆਮ ਲੋਕਾਂ ਤੋਂ ਵੀ ਮਦਦ ਲਈ ਜਾ ਰਹੀ ਹੈ ਪਰ ਹਾਲੇ ਤਕ 30 ਫੁੱਟ ਬੰਨ੍ਹ ਪੂਰਨਾ ਬਾਕੀ ਹੈ। ਅਜਿਹੇ ਵਿੱਚ ਦਰਿਆ ਵਿੱਚ ਪਏ ਪਾੜ ਤੋਂ ਕਈ ਕਿਲੋਮੀਟਰ ਦੂਰ ਮੂਣਕ ਸ਼ਹਿਰ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਤੇ ਪਸ਼ੂ ਵੀ ਭੁੱਖੇ ਮਰ ਰਹੇ ਹਨ।
ਸ਼ਹਿਰ ਦੇ ਹੇਠਲੇ ਇਲਾਕੇ ਵਿੱਚ ਰਹਿੰਦੇ ਪ੍ਰੀਤਮ ਸਿੰਘ ਤੇ ਕਿਰਨਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਸੀਮਿੰਟ ਦੀਆਂ ਖਾਲੀ ਬੋਰੀਆਂ ਖਰੀਦ ਕੇ ਇਨ੍ਹਾਂ ਵਿੱਚ ਮਿੱਟੀ ਭਰ ਕੇ ਆਪਣੇ ਘਰ ਦੇ ਅੱਗੇ ਲਾਈਆਂ ਤਾਂ ਜੋ ਪਾਣੀ ਅੰਦਰ ਨਾ ਜਾਵੇ। ਪਰ ਘਰ ਦੇ ਪਿਛਲੇ ਪਾਸੇ ਕਈ ਕਈ ਫੁੱਟ ਪਾਣੀ ਖੜ੍ਹਾ ਹੈ, ਜਿਸ ਕਾਰਨ ਉਸ ਦਾ ਮਕਾਨ ਬਹਿ ਰਿਹਾ ਹੈ। ਇਸੇ ਤਰ੍ਹਾਂ ਕਿੰਦਰ ਕੌਰ ਨੇ ਦੱਸਿਆ ਕਿ ਉਹ ਹਰ ਵੇਲੇ ਸਹਿਮ ਵਿੱਚ ਜਿਊਂ ਰਹੇ ਹਨ ਕਿਉਂਕਿ ਉਨ੍ਹਾਂ ਦੇ ਸਾਰੇ ਘਰ ਵਿੱਚ ਤਰੇੜਾਂ ਪੈ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਹਾਲੇ ਤਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਬਹੁੜਿਆ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਚਾਰਾ ਨਹੀਂ ਮਿਲ ਰਿਹਾ। ਜੇਕਰ ਇਹ ਹਾਲਾਤ ਨਹੀਂ ਸੁਧਰਦੇ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਉੱਧਰ, ਮੂਣਕ ਦੇ ਐਸਡੀਐਮ ਸੂਬਾ ਸਿੰਘ ਨੇ ਦੱਸਿਆ ਕਿ ਪਾੜ ਪੂਰਨ ਲਈ 700 ਬੰਦੇ ਜੁਟੇ ਹੋਏ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਅੱਜ ਸ਼ਾਮ ਜਾਂ ਭਲਕ ਤਕ ਕੰਮ ਪੂਰਾ ਹੋ ਜਾਵੇਗਾ। ਉਨ੍ਹਾਂ ਪਾਣੀ ਨੂੰ ਵਾਪਸ ਨਦੀ ਵਿੱਚ ਪੈਂਦਾ ਕਰਨ ਦੇ ਇੰਤਜ਼ਾਮ ਵੀ ਕਰ ਦਿੱਤੇ ਹਨ। ਐਸਡੀਐਮ ਨੇ ਕਿਹਾ ਕਿ ਹਾਲੇ ਤਕ ਕਿਸੇ ਵੀ ਪਿੰਡ ਦਾ ਸੰਪਰਕ ਸ਼ਹਿਰ ਨਾਲੋਂ ਨਹੀਂ ਟੁੱਟਿਆ ਹੈ ਤੇ ਹਾਲਾਤ ਛੇਤੀ ਹੀ ਠੀਕ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਪਾਣੀ ਨਿੱਕਲਣ ਮਗਰੋਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇਗੀ ਤੇ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਜਾਵੇਗੀ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਤਬਾਹੀ ਮਚਾਉਣ ਵਾਲਾ ਘੱਗਰ ਸੰਗਰੂਰ, ਮਾਨਸਾ ਤੇ ਬਠਿੰਡਾ ਦੇ ਇਲਾਕਿਆਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਣੀ ਨੂੰ ਇਕੱਠਾ ਕਰਕੇ ਕਿਸਾਨਾਂ ਨੂੰ ਖੇਤੀ ਜ਼ਰੂਰਤਾਂ ਪੂਰੀਆਂ ਕਰਨ ਲਈ ਦਿੱਤਾ ਜਾਵੇ ਤਾਂ ਕਿੰਨਾ ਫਾਇਦਾ ਹੋ ਸਕੇ।
100 ਘੰਟਿਆਂ ਬਾਅਦ ਵੀ ਨਹੀਂ ਪੂਰਿਆ ਗਿਆ ਘੱਗਰ ਦਾ ਪਾੜ, ਹੜ੍ਹਾਂ ਨੇ ਮਚਾਈ ਤਬਾਹੀ
ਏਬੀਪੀ ਸਾਂਝਾ
Updated at:
22 Jul 2019 05:14 PM (IST)
ਦਰਿਆ ਵਿੱਚ ਪਏ ਪਾੜ ਤੋਂ ਕਈ ਕਿਲੋਮੀਟਰ ਦੂਰ ਮੂਣਕ ਸ਼ਹਿਰ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਤੇ ਪਸ਼ੂ ਵੀ ਭੁੱਖੇ ਮਰ ਰਹੇ ਹਨ।
- - - - - - - - - Advertisement - - - - - - - - -