ਚੰਡੀਗੜ੍ਹ: ਨਵੇਂ ਸਾਲ ਦੀ ਪਾਰਟੀ ਦੌਰਾਨ ਜ਼ੀਰਕਪੁਰ ਨੇੜੇ ਤ੍ਰਿਸ਼ਲਾ ਪਲੱਸ ਹੋਮਸ ਵਿੱਚ ਝਗੜਾ ਹੋਣ ਕਾਰਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੂਰਜ ਭਾਨ ਵਜੋਂ ਹੋਈ ਹੈ ਤੇ ਕਤਲ ਦਾ ਇਲਜ਼ਾਮ ਮੋਹਿਤ ਸਿੰਗਲਾ ਨਾਂ ਦੇ ਵਿਅਕਤੀ ਸਿਰ ਆਇਆ ਹੈ ਜੋ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ 31 ਦਸੰਬਰ ਦੀ ਰਾਤ ਨੂੰ ਸੁਸਾਇਟੀ ਵਿੱਚ ਪਾਰਟੀ ਦੌਰਾਨ ਨੱਚ ਰਹੇ ਲਾਲ ਚੰਦ ਨਾਂ ਦੇ ਵਿਅਕਤੀ ਦਾ ਕਿਸੇ ਨਾਲ ਝਗੜਾ ਹੋ ਗਿਆ। ਲਾਲ ਚੰਦ ਉੱਥੋਂ ਗੁੱਸੇ ਵਿੱਚ ਚਲਾ ਗਿਆ ਤੇ ਕੁਝ ਸਮੇਂ ਬਾਅਦ ਆਪਣੇ ਦੋਸਤ ਮੋਹਿਤ ਸਿੰਗਲਾ ਨਾਲ ਵਾਪਸ ਆਇਆ। ਉਸ ਦਾ ਦੋਸਤ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਉਸ ਨੇ ਡੱਬ ਵਿੱਚੋਂ ਦੇਸੀ ਪਿਸਤੌਲ ਕੱਢ ਕੇ ਹਵਾਈ ਫਾਇਰ ਕੀਤਾ।
ਇਸ ਤੋਂ ਬਾਅਦ ਉਹ ਹਥਿਆਰ ਸਮੇਤ ਸਟੇਜ ਵੱਲ ਨੱਚਣ ਲਈ ਵਧਣ ਲੱਗਾ ਤੇ ਸੂਰਜ ਭਾਨ ਨਾਂ ਦੇ ਵਿਅਕਤੀ ਨੇ ਮੋਹਿਤ ਸਿੰਗਲਾ ਨੂੰ ਰੋਕਿਆ ਤਾਂ ਦੋਵੇਂ ਹੱਥੋਪਾਈ ਵੀ ਹੋਏ। ਇਸ ਦੌਰਾਨ ਸੂਰਜ ਭਾਨ ਹੇਠਾਂ ਡਿੱਗ ਗਿਆ ਤੇ ਮੋਹਿਤ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ। ਸੁਸਾਇਟੀ ਮੈਂਬਰ ਸੂਰਜ ਭਾਨ ਨੂੰ ਪੰਚਕੂਲਾ ਦੇ ਛੇ ਫੇਜ਼ ਸਥਿਤ ਹਸਪਤਾਲ ਵਿੱਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਮੋਹਿਤ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਨੂੰ ਮੋਹਿਤ ਦਾ ਦੋ ਦਿਨ ਲਈ ਰਿਮਾਂਡ ਵੀ ਹਾਸਲ ਹੋ ਗਿਆ ਹੈ ਤੇ ਉਸ ਵੱਲੋਂ ਵਾਰਦਾਤ ਲਈ ਵਰਤਿਆ ਦੇਸੀ ਪਿਸਤੌਲ 32 ਬੋਰ ਤੇ ਤਿੰਨ ਕਾਰਤੂਸ ਵੀ ਬਰਾਮਦ ਕਰ ਲਿਆ ਹੈ।