ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਦੇਸ਼ਵਿਆਪੀ ਲੌਕਡਾਊਨ ਨੇ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਝੰਬਿਆ ਹੈ। ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ 20 ਅਪ੍ਰੈਲ ਤੋਂ ਦਿੱਤੀਆਂ ਗਈਆਂ ਰਿਆਇਤਾਂ ਮਗਰੋਂ ਵੀ ਪੰਜਾਬ 'ਚ ਉਦਯੋਗਿਕ ਇਕਾਈਆਂ 'ਚ ਉਤਪਾਦਨ ਸ਼ੁਰੂ ਕਰਨ ਦੀ ਚਾਲ ਮੱਠੀ ਹੈ। ਸੂਬੇ 'ਚ ਕਰੀਬ ਢਾਈ ਲੱਖ ਛੋਟੇ ਵੱਡੇ ਉਦਯੋਗ ਹਨ ਪਰ ਉਦਯੋਗ ਵਿਭਾਗ ਮੁਤਾਬਕ 30 ਅਪ੍ਰੈਲ ਤਕ ਸਿਰਫ਼ 4,334 ਨੇ ਹੀ ਆਪਣੀ ਉਤਪਾਦਨ ਪ੍ਰਕਿਰਿਆ ਸ਼ੁਰੂ ਕੀਤੀ ਹੈ।


ਕੇਂਦਰ ਵੱਲੋਂ ਰਿਆਇਤਾਂ ਮਿਲਣ ਮਗਰੋਂ ਪਹਿਲੇ ਤਿੰਨ ਦਿਨ 'ਚ ਹੀ 3,108 ਉਦਯੋਗਿਕ ਇਕਾਈਆਂ 'ਚ ਉਤਪਾਦਨ ਆਰੰਭ ਹੋ ਗਿਆ ਸੀ ਪਰ ਇਸ ਤੋਂ ਅਗਲੇ ਹਫ਼ਤੇ 'ਚ 1,226 ਹੋਰ ਉਦਯੋਗਿਕ ਇਕਾਈਆਂ ਖੁੱਲ੍ਹੀਆਂ ਹਨ। ਪੇਂਡੂ ਖੇਤਰਾਂ 'ਚ 1,761 ਇੱਟਾਂ ਦੇ ਭੱਠੇ ਤੇ 489 ਉਸਾਰੀ ਸਥਾਨਾਂ 'ਤੇ ਕੰਮ ਆਰੰਭ ਹੋ ਗਿਆ ਹੈ। ਸੂਬੇ 'ਚ 80,681 ਮਜ਼ਦੂਰਾਂ ਨੂੰ ਕੰਮ ਮਿਲ ਚੁੱਕਾ ਹੈ।

ਇਹ ਵੀ ਪੜ੍ਹੋ:  ਮੁਕਤਸਰ 'ਚ 42 ਨਵੇਂ ਕੋਰੋਨਾ ਕੇਸ ਆਏ ਸਾਹਮਣੇ, ਸੂਬੇ 'ਚ 1076 ਲੋਕ ਕੋਰੋਨਾ ਸੰਕਰਮਿਤ



ਉਦਯੋਗ ਖੁੱਲ੍ਹਣ ਦੀ ਹੌਲ਼ੀ ਰਫ਼ਤਾਰ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਲੌਕਡਾਊਨ ਕਾਰਨ ਸਿਰਫ਼ ਉਤਪਾਦਨ ਹੀ ਨਹੀਂ ਬੰਦ ਹੋਇਆ ਸਗੋਂ ਪੂਰੀ ਸਪਲਾਈ ਚੇਨ ਭੰਗ ਹੋਈ ਸੀ। ਹੁਣ ਇੰਡਸਟਰੀ ਨੂੰ ਸ਼ੁਰੂ ਕਰਨ ਲਈ ਪੂਰੀ ਸਪਲਾਈ ਚੇਨ ਦਾ ਸ਼ੁਰੂ ਹੋਣਾ ਜ਼ਰੂਰੀ ਹੈ। ਚਾਰ ਮਈ ਤੋਂ ਦੇਸ਼ਭਰ 'ਚ ਕਮਰਸ਼ੀਅਲ ਗਤੀਵਿਧੀਆਂ ਨੂੰ ਗਤੀ ਮਿਲਣ ਤੋਂ ਬਾਅਦ ਉਦਯੋਗਾਂ 'ਚ ਮੰਗ ਆਉਣੀ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਹੀ ਉਦਯੋਗਾਂ 'ਚ ਉਤਪਾਦਨ ਦੀ ਚਾਲ ਰਫ਼ਤਾਰ ਫੜ੍ਹੇਗੀ।