Operation Blue Star Anniversary: ਸਾਕਾ ਨੀਲਾ ਤਾਰਾ ਦੀ 38ਵੀਂ ਵਰ੍ਹੇਗੰਢ ਮੌਕੇ ਪੇਸ਼ ਹੈ ਇਸ ਘਟਨਾ ਦੀ ਖਾਸ ਰਿਪੋਰਟ, ਜਾਣੋ ਇਸ ਦੀ ਕਹਾਣੀ
ਅੱਜ ਸਾਕਾ ਨੀਲਾ ਤਾਰਾ ਯਾਨੀ ਆਪ੍ਰੇਸ਼ਨ ਬੱਲੂ ਸਟਾਰ ਦੀ 38ਵੀਂ ਬਰਸੀ ਹੈ। ਜਿਸ ਦੇ ਚਲਦੇ ਪੰਜਾਬ ਪੁਲਿਸ ਨੇ ਆਪ੍ਰੇਸ਼ਨ ਬਲੂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਸੁਰੱਖਿਆ ਵਧਾ ਦਿੱਤੀ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Operation Blue Star: ਅੱਜ ਯਾਨੀ 06 ਜੂਨ ਨੂੰ ਸਾਕਾ ਨੀਲਾ ਤਾਰਾ ਦੀ 38ਵੀਂ ਬਰਸੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿਖੇ ਸੁਰੱਖਿਆ ਵਧਾ ਦਿੱਤੀ ਹੈ। ਅੱਜ ਦੇ ਦਿਨ 1984 ਵਿੱਚ ਹਰਿਮੰਦਰ ਸਾਹਿਬ ਵਿੱਚ ਆਪ੍ਰੇਸ਼ਨ ਬਲੂ ਸਟਾਰ ਨੂੰ ਅੰਜਾਨ ਦਿੱਤਾ ਗਿਆ ਸੀ।
ਦੱਸ ਦਈਏ ਕਿ 6 ਜੂਨ 1984 ਨੂੰ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ 'ਤੇ ਭਾਰਤੀ ਫੌਜ ਦੀ ਕਾਰਵਾਈ 'ਸਾਕਾ ਨੀਲਾ ਤਾਰਾ' ਪੂਰੀ ਦੁਨੀਆ 'ਚ ਸੁਰਖੀਆਂ 'ਚ ਰਿਹਾ। ਅੱਜ ਵੀ ਲੋਕ ਇਸ ਨੂੰ ਯਾਦ ਕਰਕੇ ਸਹਿਮ ਜਾਂਦੇ ਹਨ। ਇਹ ਮਾਮਲਾ 1970 ਦੇ ਦਹਾਕੇ ਦੇ ਅਖੀਰ ਵਿੱਚ ਅਕਾਲੀ ਸਿਆਸਤ ਵਿੱਚ ਪੈਦਾ ਹੋਏ ਟਕਰਾਅ ਅਤੇ ਪੰਜਾਬ ਲਈ ਅਕਾਲੀਆਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ। 1978 ਵਿੱਚ ਅਕਾਲੀ ਦਲ ਨੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ।
ਇਸ ਮਤੇ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਭਾਰਤ ਦੀ ਕੇਂਦਰ ਸਰਕਾਰ ਕੋਲ ਸਿਰਫ਼ ਰੱਖਿਆ, ਵਿਦੇਸ਼ ਨੀਤੀ, ਸੰਚਾਰ ਅਤੇ ਮੁਦਰਾ ਬਾਰੇ ਸ਼ਕਤੀ ਹੋਣੀ ਚਾਹੀਦੀ ਹੈ, ਬਾਕੀ ਸਾਰੇ ਵਿਸ਼ਿਆਂ 'ਤੇ ਸੂਬਿਆਂ ਨੂੰ ਪੂਰੇ ਅਧਿਕਾਰ ਹੋਣੇ ਚਾਹੀਦੇ ਹਨ। ਉਹ ਭਾਰਤ ਦੇ ਉੱਤਰੀ ਖੇਤਰ ਵਿੱਚ ਖੁਦਮੁਖਤਿਆਰੀ ਵੀ ਚਾਹੁੰਦੇ ਸੀ। ਅਕਾਲੀਆਂ ਦੀਆਂ ਮੁੱਖ ਮੰਗਾਂ ਸੀ-ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਜਾਵੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕੀਤੇ ਜਾਣ, ਦਰਿਆਈ ਪਾਣੀਆਂ ਦੇ ਮੁੱਦੇ 'ਤੇ ਸੁਪਰੀਮ ਕੋਰਟ ਤੋਂ ਰਾਏ ਮੰਗੀ ਜਾਵੇ।
ਇਸ ਦੇ ਨਾਲ ਹੀ ਉਹ ਇਹ ਵੀ ਚਾਹੁੰਦੇ ਸੀ ਕਿ ਪੰਜਾਬ 'ਨਹਿਰਾਂ ਦੇ ਹੈੱਡਵਰਕਸ' ਅਤੇ ਪਣ-ਬਿਜਲੀ ਦੇ ਬੁਨਿਆਦੀ ਢਾਂਚੇ ਦਾ ਪ੍ਰਬੰਧ ਕੀਤਾ ਜਾਨੇ, ਯੋਗਤਾ ਦੇ ਆਧਾਰ 'ਤੇ ਫੌਜ ਵਿਚ ਭਰਤੀ ਹੋਵੇ, ਸਿੱਖਾਂ ਦੀ ਭਰਤੀ 'ਤੇ ਕਥਿਤ ਸੀਮਾ ਨੂੰ ਹਟਾਇਆ ਜਾਵੇ ਅਤੇ ਪੂਰੇ ਭਾਰਤ ਵਿਚ ਗੁਰਦੁਆਰਾ ਕਾਨੂੰਨ ਬਣਾਇਆ ਜਾਵੇ। ਵਿਸ਼ਲੇਸ਼ਕਾਂ ਮੁਤਾਬਕ ਇਹ ਸਭ ਕੁਝ ਇੰਦਰਾ ਗਾਂਧੀ ਦੀ ਸਰਕਾਰ ਨੂੰ ਮਨਜ਼ੂਰ ਨਹੀਂ ਸੀ। ਇਸ ਮਸਲੇ ਦੇ ਹੱਲ ਲਈ ਸਰਕਾਰ ਅਤੇ ਅਕਾਲੀਆਂ ਵਿਚਾਲੇ ਤਿੰਨ ਵਾਰ ਗੱਲਬਾਤ ਹੋਈ।
ਇਸ ਦੌਰਾਨ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਚ ਅਕਾਲੀ ਵਰਕਰਾਂ ਅਤੇ ਨਿਰੰਕਾਰੀਆਂ ਵਿਚਕਾਰ ਹਿੰਸਕ ਝੜਪ ਹੋਈ। ਇਸ ਘਟਨਾ ਨੂੰ ਪੰਜਾਬ ਵਿੱਚ ਅਤਿਵਾਦ ਦੀ ਸ਼ੁਰੂਆਤ ਵਜੋਂ ਦੇਖਿਆ ਗਿਆ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸ਼ੁਰੂ ਵਿਚ ਕਾਂਗਰਸ ਨੇ ਅਸਿੱਧੇ ਤੌਰ 'ਤੇ ਸਿੱਖ ਪ੍ਰਚਾਰਕ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਿੱਖਾਂ 'ਤੇ ਅਕਾਲੀ ਦਲ ਦਾ ਪ੍ਰਭਾਵ ਘਟਾਉਣ ਲਈ ਉਤਸ਼ਾਹਿਤ ਕੀਤਾ। ਇਸ ਪਿੱਛੇ ਕਾਂਗਰਸ ਦਾ ਮਕਸਦ ਇਹ ਸੀ ਕਿ ਕਿਸੇ ਵੀ ਜਥੇਬੰਦੀ ਜਾਂ ਅਜਿਹੇ ਵਿਅਕਤੀ ਨੂੰ ਅਕਾਲੀਆਂ ਦੇ ਸਾਹਮਣੇ ਖੜ੍ਹਾ ਕੀਤਾ ਜਾਵੇ, ਜੋ ਉਨ੍ਹਾਂ ਨੂੰ ਮਿਲਣ ਵਾਲੀ ਹਮਾਇਤ ਵਿਚ ਸੇਧ ਲਗਾ ਸਕੇ।
ਅਕਾਲੀ ਦਲ ਭਾਰਤ ਦੀ ਸਿਆਸੀ ਮੁੱਖ ਧਾਰਾ ਚ ਰਹਿ ਕੇ ਪੰਜਾਬ ਅਤੇ ਸਿੱਖਾਂ ਦੀਆਂ ਮੰਗਾਂ ਦੀ ਗੱਲ ਕਰ ਰਿਹਾ ਸੀ ਪਰ ਇਸ ਦਾ ਰਵੱਈਆ ਢਿੱਲਾ ਸਮਝਿਆ ਜਾ ਰਿਹਾ ਸੀ। ਦੂਜੇ ਪਾਸੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇਨ੍ਹਾਂ ਮੁੱਦਿਆਂ 'ਤੇ ਸਖ਼ਤ ਸਟੈਂਡ ਲੈਂਦਿਆਂ ਕੇਂਦਰ ਸਰਕਾਰ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਵਿਵਾਦਪੂਰਨ ਸਿਆਸੀ ਮੁੱਦਿਆਂ, ਧਰਮ ਅਤੇ ਇਸ ਦੀ ਮਰਿਆਦਾ ਬਾਰੇ ਨਿਯਮਿਤ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕ ਉਸਦੇ ਭਾਸ਼ਣਾਂ ਨੂੰ ਭੜਕਾਊ ਸਮਝਦੇ ਸੀ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਕਿਹਾ ਕਿ ਉਹ ਸਿੱਖਾਂ ਦੀਆਂ ਹੱਕੀ ਮੰਗਾਂ ਅਤੇ ਧਾਰਮਿਕ ਮੁੱਦਿਆਂ ਦੀ ਗੱਲ ਕਰ ਰਹੇ ਹਨ।
1 ਜੂਨ ਨੂੰ ਵੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਤਾਇਨਾਤ ਪੁਲਿਸ ਮੁਲਾਜ਼ਮਾਂ ਵਿਚਾਲੇ ਗੋਲੀਬਾਰੀ ਹੋਈ ਸੀ। ਗੁਰੂ ਪਰਵ ਸ਼ੁਰੂ ਹੋਣ ਵਾਲਾ ਸੀ ਇਸ ਲਈ 2 ਜੂਨ ਤੋਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਕੰਪਲੈਕਸ 'ਚ ਇਕੱਠ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਨੂੰ ਸੰਬੋਧਨ ਕੀਤਾ ਤਾਂ ਇਹ ਸਪੱਸ਼ਟ ਹੋ ਗਿਆ ਕਿ ਸਥਿਤੀ ਗੰਭੀਰ ਹੋ ਗਈ ਹੈ ਕਿ ਭਾਰਤ ਸਰਕਾਰ ਕੁਝ ਕਦਮ ਚੁੱਕ ਸਕਦੀ ਹੈ। ਪੰਜਾਬ ਤੋਂ ਆਉਣ-ਜਾਣ ਵਾਲੀਆਂ ਰੇਲਗੱਡੀਆਂ ਅਤੇ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ, ਫੋਨ ਕੁਨੈਕਸ਼ਨ ਕੱਟ ਦਿੱਤੇ ਗਏ ਅਤੇ ਵਿਦੇਸ਼ੀ ਮੀਡੀਆ ਨੂੰ ਸੂਬੇ ਤੋਂ ਬਾਹਰ ਕੱਢ ਦਿੱਤਾ ਗਿਆ।
3 ਜੂਨ ਤੱਕ ਭਾਰਤੀ ਫੌਜ ਨੇ ਅੰਮ੍ਰਿਤਸਰ 'ਚ ਦਾਖਲ ਹੋ ਕੇ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਘੇਰ ਲਿਆ ਸੀ। 4 ਜੂਨ ਨੂੰ ਫੌਜ ਨੇ ਗੋਲੀਬਾਰੀ ਕੀਤੀ, ਪਰ ਕੱਟੜਪੰਥੀਆਂ ਵੱਲੋਂ ਅਜਿਹਾ ਤਿੱਖਾ ਜਵਾਬ ਦਿੱਤਾ ਗਿਆ ਕਿ 5 ਜੂਨ ਨੂੰ ਬਖਤਰਬੰਦ ਗੱਡੀਆਂ ਅਤੇ ਟੈਂਕਾਂ ਦੀ ਵਰਤੋਂ ਕੀਤੀ ਗਈ। ਬੇਹੱਦ ਖ਼ੂਨ-ਖ਼ਰਾਬਾ ਹੋਇਆ, ਅਕਾਲ ਤਖ਼ਤ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ। ਹਰਿਮੰਦਰ ਸਾਹਿਬ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਲਾਇਬ੍ਰੇਰੀ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਗਿਆ। ਭਾਰਤ ਸਰਕਾਰ ਦੇ ਵਾਈਟ ਪੇਪਰ ਮੁਤਾਬਕ 83 ਫੌਜੀ ਮਾਰੇ ਗਏ ਅਤੇ 249 ਜ਼ਖਮੀ ਹੋਏ।
ਇਸੇ ਵ੍ਹਾਈਟ ਪੇਪਰ ਮੁਤਾਬਕ 493 ਕੱਟੜਪੰਥੀ ਜਾਂ ਆਮ ਨਾਗਰਿਕ ਮਾਰੇ ਗਏ, 86 ਜ਼ਖਮੀ ਹੋਏ ਅਤੇ 1592 ਗ੍ਰਿਫ਼ਤਾਰ ਕੀਤੇ ਗਏ। ਪਰ ਇਨ੍ਹਾਂ ਸਾਰੇ ਅੰਕੜਿਆਂ ਨੂੰ ਲੈ ਕੇ ਅਜੇ ਵੀ ਵਿਵਾਦ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਹਰਿਮੰਦਰ ਸਾਹਿਬ ਵਿੱਚ ਮਰਨ ਵਾਲੇ ਬੇਕਸੂਰਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਇਸ ਦੇ ਨਾਲ ਹੀ ਇਸ ਕਾਰਵਾਈ ਨੇ ਸਿੱਖ ਕੌਮ ਨੂੰ ਕਾਫੀ ਠੇਸ ਪਹੁੰਚਾਈ ਹੈ। ਕਈ ਉੱਘੇ ਸਿੱਖ ਬੁੱਧੀਜੀਵੀਆਂ ਨੇ ਸਵਾਲ ਉਠਾਏ ਕਿ ਸਥਿਤੀ ਨੂੰ ਇੰਨਾ ਖ਼ਰਾਬ ਕਿਉਂ ਹੋਣ ਦਿੱਤਾ ਗਿਆ ਕਿ ਅਜਿਹੀ ਕਾਰਵਾਈ ਦੀ ਲੋੜ ਸੀ।
ਸਾਕਾ ਨੀਲਾ ਤਾਰਾ ਤੋਂ ਬਾਅਦ, ਸਿੱਖਾਂ ਅਤੇ ਕਾਂਗਰਸ ਪਾਰਟੀ ਵਿਚਕਾਰ ਦਰਾਰ ਉਦੋਂ ਹੋਰ ਡੂੰਘੀ ਹੋ ਗਈ ਜਦੋਂ ਦੋ ਸਿੱਖ ਸੁਰੱਖਿਆ ਕਰਮਚਾਰੀਆਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾਕਤਲ ਕਰ ਦਿੱਤਾ। ਇਸ ਤੋਂ ਬਾਅਦ ਕਾਂਗਰਸ ਅਤੇ ਸਿੱਖਾਂ ਵਿਚਲਾ ਪਾੜਾ ਹੋਰ ਵਧ ਗਿਆ। ਨਤੀਜੇ ਵਜੋਂ, ਅਪਰੇਸ਼ਨ ਦੇ 38 ਸਾਲਾਂ ਬਾਅਦ ਵੀ ਜ਼ਖ਼ਮ ਭਰੇ ਨਹੀਂ ਹਨ। ਅੱਜ ਵੀ ਬਰਸੀ ਮੌਕੇ ਹਰਿਮੰਦਰ ਸਾਹਿਬ ਵਿਖੇ ਭਾਰੀ ਤਣਾਅ ਦਾ ਮਾਹੌਲ ਹੁੰਦਾ ਹੈ। ਅੱਜ ਵੀ ਟਕਰਾਅ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ ਤਣਾਅ ਵਾਲਾ ਮਾਹੌਲ ਰਹਿਦਾ ਹੈ।
ਇਹ ਵੀ ਪੜ੍ਹੋ: Sidhu Moose Wala Murder Case 'ਚ ਇੱਕ ਵਾਰ ਫਿਰ ਫਤਿਹਾਬਾਦ ਪਹੁੰਚੀ ਪੰਜਾਬ ਪੁਲਿਸ, ਇੱਕ ਹੋਰ ਨੂੰ ਕੀਤਾ ਗ੍ਰਿਫ਼ਤਾਰ