ਅਬੋਹਰ: ਤਿਹਾੜ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਪਿੰਡ ਦੁਤਾਰਾਂਵਾਲੀ ਦੇ ਵਾਸੀ ਲਖਵਿੰਦਰ ਬਿਸ਼ਨੋਈ ਦਾ ਪੁੱਤਰ ਹੈ। ਲਾਰੈਂਸ ਦਾ ਇੱਕ ਛੋਟਾ ਭਰਾ ਅਨਮੋਲ ਬਿਸ਼ਨੋਈ ਵੀ ਹੈ। ਘਰ ਵਿੱਚ ਸਿਰਫ ਮਾਂ-ਪਿਓ ਹਨ। ਲਾਰੈਂਸ ਦੀ ਮੁੱਢਲੀ ਸਿੱਖਿਆ ਅਬੋਹਰ ਦੇ ਅਜੰਪਸ਼ਨ ਕਾਨਵੈਂਟ ਸਕੂਲ ਦੀ ਹੈ, ਜਦਕਿ ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਚੰਡੀਗੜ੍ਹ ਚਲਿਆ ਗਿਆ ਸੀ।

ਇਸ ਦੌਰਾਨ ਪਿੰਡ ਦੇ ਲੋਕਾਂ-ਨੌਜਵਾਨਾਂ ਨੂੰ ਲੱਗਦਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਸ ਤਰ੍ਹਾਂ ਦੀ ਛਵੀ ਬਣਾਈ ਗਈ ਹੈ, ਉਹ ਅਜਿਹਾ ਨਹੀਂ ਸੀ। ਉਹ ਆਮ ਨੌਜਵਾਨਾਂ ਵਾਂਗ ਪੇਂਡੂ ਨੌਜਵਾਨ ਸੀ, ਮੁੰਡਿਆ ਨਾਲ ਖੇਡਦਾ, ਘੋੜਿਆਂ ਦਾ ਸ਼ੌਕੀਨ ਸੀ, ਸਾਰਿਆ ਦਾ ਸਤਿਕਾਰ ਕਰਦਾ ਸੀ ਪਰ ਇਸ ਨੂੰ ਪਹਿਲਾਂ ਤੋਂ ਹੀ ਅਨਿਆਂ ਪਸੰਦ ਨਹੀਂ ਸੀ।

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜਿਹੜੇ ਸਚਿਨ ਬਿਸ਼ਨੋਈ ਦੀ ਇੱਕ ਆਡੀਓ ਵਾਇਰਲ ਹੋਈ, ਜਿਸ ਵਿੱਚ ਉਸ ਵੱਲੋਂ ਕਬੂਲ ਕੀਤਾ ਗਿਆ ਹੈ ਕਿ ਉਸ ਨੇ ਹੋਰਾਂ ਦੇ ਨਾਲ ਸਿੱਧੂ ਮੂਸੇਵਾਲੇ 'ਤੇ ਗੋਲੀਆਂ ਚਲਾਈਆਂ ਤੇ ਉਸ ਦਾ ਕਤਲ ਕੀਤਾ ਹੈ, ਪਰ ਸਚਿਨ ਬਿਸ਼ਨੋਈ ਵੀ ਦੁਤਾਰਾਂਵਾਲੀ ਪਿੰਡ ਦਾ ਵਾਸੀ ਹੈ। ਪਿੰਡ ਦੇ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਜੋ ਆਡੀਓ ਵਾਇਰਲ ਹੋ ਰਹੀ ਹੈ, ਉਹ ਸਚਿਨ ਬਿਸ਼ਨੋਈ ਦੀ ਹੈ। ਸਿੱਧੂ ਮੁਸੇਵਾਲਾ ਦੇ ਕਤਲ ਮਾਮਲੇ 'ਤੇ ਸਚਿਨ ਦੀ ਮਾਂ ਕਹਿੰਦੀ ਹੈ ਕਿ ਉਸ ਨੂੰ ਦੁੱਖ ਹੈ ਕਿ ਇੱਕ ਮਾਂ ਦਾ ਪੁੱਤਰ ਉਸ ਤੋਂ ਵਿਛੜ ਗਿਆ।


ਲਾਰੈਂਸ ਗੈਂਗ ਨੇ ਪਹਿਲਾਂ ਲਈ ਸੀ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ
ਗੈਂਗਸਟਰ ਲਾਰੈਂਸ ਦੇ ਗੈਂਗ ਨੇ ਮੂਸੇਵਾਲਾ ਕਤਲੇਆਮ ਦੀ ਜ਼ਿੰਮੇਵਾਰੀ ਲਈ ਸੀ। ਲਾਰੈਂਸ ਦੇ ਸਾਥੀ ਕੈਨੇਡੀਅਨ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ। ਇਸ ਤੋਂ ਬਾਅਦ ਗੈਂਗਸਟਰ ਲਾਰੈਂਸ ਪੰਜਾਬ ਪੁਲਿਸ ਦੇ ਰਾਡਾਰ 'ਤੇ ਆ ਗਿਆ। ਇਸ ਤੋਂ ਬਾਅਦ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਬਿਸ਼ਨੋਈ ਨੇ ਵੀ ਟੀਵੀ ਚੈਨਲ ਨੂੰ ਫ਼ੋਨ ਕਰਕੇ ਕਿਹਾ ਕਿ ਮੂਸੇਵਾਲਾ ਨੂੰ ਮੈਂ ਖ਼ੁਦ ਗੋਲੀ ਮਾਰੀ ਹੈ। ਸਚਿਨ ਨੇ ਕਿਹਾ ਕਿ ਉਸ ਨੇ ਮੋਹਾਲੀ ਵਿੱਚ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈ ਲਿਆ ਹੈ।

ਐਨਕਾਊਂਟਰ ਦੇ ਡਰੋਂ ਪੰਜਾਬ ਨਹੀਂ ਆਉਣਾ ਚਾਹੁੰਦਾ ਗੈਂਗਸਟਰ
ਗੈਂਗਸਟਰ ਲਾਰੈਂਸ ਖੁਦ ਪੰਜਾਬ ਨਹੀਂ ਆਉਣਾ ਚਾਹੁੰਦਾ। ਉਸ ਨੂੰ ਆਪਣੇ ਮੁਕਾਬਲੇ ਦਾ ਪੰਜਾਬ ਪੁਲਿਸ 'ਤੇ ਸ਼ੱਕ ਹੈ। ਇਸ ਕਾਰਨ ਉਹ ਪਹਿਲਾਂ ਐਨਆਈਏ ਅਦਾਲਤ ਵਿੱਚ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਨਾ ਭੇਜਿਆ ਜਾਵੇ। ਜੇਕਰ ਲੋੜ ਪਈ ਤਾਂ ਦਿੱਲੀ ਪੁਲਿਸ ਦੀ ਸੁਰੱਖਿਆ ਹੋਣੀ ਚਾਹੀਦੀ ਹੈ। ਐਨਆਈਏ ਅਦਾਲਤ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ। ਇੱਥੇ ਪੰਜਾਬ ਸਰਕਾਰ ਨੇ ਦਲੀਲ ਦਿੱਤੀ ਕਿ ਲਾਰੈਂਸ ਦਾ ਨਾਂ ਨਾ ਤਾਂ ਐਫਆਈਆਰ ਵਿੱਚ ਹੈ ਅਤੇ ਨਾ ਹੀ ਉਸ ਨੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਲਾਰੇਂਸ ਦੀ ਪਟੀਸ਼ਨ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਸੀ।