ਚੰਡੀਗੜ੍ਹ: ਪੰਜਾਬ ਵਿੱਚ ਅੱਜ ਵੀ ਕਈ ਥਾਂ ਰੁੱਕ-ਰੁੱਕ ਕੇ ਮੀਂਹ ਜਾਰੀ ਹੈ।ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਮੌਨਸੂਨ  ਨੂੰ ਬਰੇਕ ਲੱਗ ਸਕਦੀ ਹੈ।ਇਸ ਨਾਲ ਉੱਤਰੀ ਭਾਰਤ ਵਿੱਚ ਝੋਨੇ ਦੀ ਬਿਜਾਈ ਪ੍ਰਭਾਵਿਤ ਹੋਵੇਗੀ।ਮੌਸਮ ਵਿਭਾਗ ਅਨੁਸਾਰ ਮੌਨਸੂਨ ਆਪਣੀ ਆਮ ਸਥਿਤੀ ਨਾਲ ਉੱਤਰ ਵੱਲ ਵਧ ਰਿਹਾ ਹੈ ਅਤੇ ਅਗਸਤ ਦੇ ਪਹਿਲੇ ਹਫ਼ਤੇ ਗੰਗਾ ਦੇ ਤੱਟਵਰਤੀ ਖੇਤਰਾਂ ਵਿੱਚ ਥੋੜੀ ਜਿਹੀ ਬਾਰਿਸ਼ ਦੇਖਣ ਨੂੰ ਮਿਲੇਗੀ।


ਮੌਨਸੂਨ ਦੇ ਅੱਧ ਵਿਚ ਇਸ ਤਰ੍ਹਾਂ ਰੁਕਣ ਅਤੇ ਝੋਨੇ ਦੀ ਬਿਜਾਈ ਨੂੰ ਪ੍ਰਭਾਵਿਤ ਕਰਨ ਨਾਲ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਤੇ ਅਸਰ ਪਵੇਗਾ।ਮੌਨਸੂਨ ਆਪਣੀ ਆਮ ਸਥਿਤੀ ਤੋਂ ਦੱਖਣ ਵੱਲ ਹੁੰਦਾ ਹੈ ਤਾਂ ਮੈਦਾਨੀ ਇਲਾਕਿਆਂ 'ਚ ਬਾਰਿਸ਼ ਹੁੰਦੀ ਹੈ।


ਮੌਸਮ ਵਿਭਾਗ ਮੁਤਾਬਕ ਅਗਲੇ ਇੱਕ ਹਫ਼ਤੇ ਤੱਕ ਦੇਸ਼ ਭਰ ਵਿੱਚ ਮੌਨਸੂਨ ਦੀ ਰਫ਼ਤਾਰ ਮੱਠੀ ਹੋਣ ਵਾਲੀ ਹੈ। ਕਿਉਂਕਿ ਇਹ ਬਿਜਾਈ ਦਾ ਸੀਜ਼ਨ ਹੈ, ਇਸ ਲਈ ਇਹ ਸੁਸਤ ਮੌਨਸੂਨ ਨਾਲ ਪ੍ਰਭਾਵਿਤ ਹੋਵੇਗਾ।ਮਹਿੰਗਾਈ ਦੇ ਵਿਚਕਾਰ ਬਿਜਾਈ ਵਿੱਚ ਦੇਰੀ ਆਉਣ ਵਾਲੇ ਸਮੇਂ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਕਰ ਸਕਦੀ ਹੈ।


ਸਕਾਈਮੇਟ ਵੈਦਰ ਮੁਤਾਬਿਕ ਇਸ ਸਾਲ ਘੱਟ ਬਾਰਿਸ਼ ਕਾਰਨ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਹੈਦਰਾਬਾਦ 'ਚ ਸੈਂਟਰ ਫਾਰ ਸਸਟੇਨੇਬਲ ਐਗਰੀਕਲਚਰ ਦੇ ਜੀ.ਵੀ. ਰਾਮੰਜਨੇਯੁਲੂ ਨੇ ਕਿਹਾ ਹੈ ਕਿ ਇਸ ਦਾ ਅਸਰ ਹੋਰ ਫਸਲਾਂ 'ਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਅੱਧ ਅਗਸਤ ਤੱਕ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਿਜਾਈ ਨਹੀਂ ਹੋਵੇਗੀ ਅਤੇ ਇਸ ਦਾ ਅਸਰ ਕਿਸਾਨੀ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਨ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਵਿੱਚ ਦੇਰੀ ਹੋ ਸਕਦੀ ਹੈ।


ਭਾਰਤ ਵਿੱਚ ਮੌਨਸੂਨ ਦੀ ਕੀ ਸਥਿਤੀ
ਆਈਐਮਡੀ ਨੇ ਕਿਹਾ ਹੈ ਕਿ ਭਾਰਤ ਵਿੱਚ ਹੁਣ ਤੱਕ ਮੌਨਸੂਨ ਆਮ ਨਾਲੋਂ 9 ਫ਼ੀਸਦੀ ਵੱਧ ਰਿਹਾ ਹੈ। ਹਾਲਾਂਕਿ, ਪੂਰਬੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ਵਿੱਚ ਇਹ 16 ਫੀਸਦੀ ਘੱਟ ਹੈ। ਜਦੋਂ ਕਿ ਉੱਤਰ ਪੱਛਮੀ ਭਾਰਤ ਵਿੱਚ ਇਹ 4 ਫੀਸਦੀ, ਮੱਧ ਭਾਰਤ ਵਿੱਚ 21 ਫੀਸਦੀ ਅਤੇ ਦੱਖਣੀ ਪ੍ਰਾਇਦੀਪ ਵਿੱਚ 28 ਫੀਸਦੀ ਵੱਧ ਹੈ।


ਜੁਲਾਈ ਵਿੱਚ ਵੀ ਮੀਂਹ ਦੀ ਸਥਿਤੀ ਇਹੀ ਰਹੀ ਹੈ। ਪੂਰਬੀ ਅਤੇ ਉੱਤਰ ਪੂਰਬੀ ਭਾਰਤ ਨੂੰ ਛੱਡ ਕੇ ਬਾਕੀ ਥਾਵਾਂ 'ਤੇ ਮੌਨਸੂਨ ਆਮ ਨਾਲੋਂ ਵੱਧ ਰਿਹਾ ਹੈ। ਸ਼ੁੱਕਰਵਾਰ ਨੂੰ ਝੋਨਾ ਪੈਦਾ ਕਰਨ ਵਾਲੇ ਗੰਗਾ ਦੇ ਮੈਦਾਨੀ ਇਲਾਕਿਆਂ 'ਚ ਲਗਭਗ 40 ਫੀਸਦੀ ਬਾਰਿਸ਼ ਦੀ ਕਮੀ ਦਰਜ ਕੀਤੀ ਗਈ। ਝਾਰਖੰਡ, ਬਿਹਾਰ, ਬੰਗਾਲ, ਉੱਤਰ ਪ੍ਰਦੇਸ਼ ਵਿੱਚ 47-52 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।