ਕੈਪਟਨ ਨੇ ਕਿਹਾ ਕਿ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਪੰਜਾਬ ਦੇ ਗੁਆਂਢੀ ਇਲਾਕਿਆਂ ਵਿੱਚ ਟਿੱਡੀ ਦਲ ਵੱਲੋਂ ਫ਼ਸਲਾਂ ’ਤੇ ਕੀਤੇ ਹਮਲੇ ਦਾ ਖ਼ਤਰਾ ਬਣਿਆ ਹੋਇਆ ਹੈ ਤੇ ਖ਼ਤਰਾ ਗੁਆਂਢੀ ਮੁਲਕਾਂ ਤੋਂ ਪੈਦਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ’ਚ ਰਾਜਸਥਾਨ ਵਿੱਚ ਫ਼ਸਲਾਂ ਉੱਤੇ ਟਿੱਡੀ ਦਲ ਦਾ ਲਗਾਤਾਰ ਹਮਲਾ ਹੋਇਆ ਹੈ। ਟਿੱਡੀ ਦਲ ਵੱਡੀ ਗਿਣਤੀ ਵਿੱਚ ਦੱਖਣੀ ਪੰਜਾਬ ਦੇ ਨੇੜਲੇ ਇਲਾਕਿਆਂ ਵਿਚ ਵੀ ਦਾਖ਼ਲ ਹੋ ਗਿਆ ਹੈ।
ਉਨ੍ਹਾਂ ਲਿਖਿਆ ਹੈ ਕਿ ਰਾਜਸਥਾਨ ਇਸ ਟਿੱਡੀ ਦਲ ਦੇ ਹਮਲੇ ’ਤੇ ਕਾਬੂ ਪਾਉਣ ਲਈ ਲੋੜੀਂਦੀ ਕਾਰਵਾਈ ਕਰ ਰਿਹਾ ਹੈ। ਇਸ ’ਤੇ ਕਾਬੂ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਇਸ ਦੀ ਪੈਦਾਇਸ਼ ਵਾਲੇ ਖੇਤਰ ਵਿੱਚ ਢੁੱਕਵਾਂ ਬੰਦੋਬਸਤ ਕਰਨਾ ਹੈ ਜੋ ਪਾਕਿਸਤਾਨ ਨਾਲ ਲੱਗਦੇ ਮਾਰੂਥਲ ਵਾਲੇ ਇਲਾਕੇ ਵਿੱਚ ਪੈਂਦਾ ਹੈ। ਮੁੱਖ ਮੰਤਰੀ ਨੇ ਇਸ ਮੁੱਦੇ ਨੂੰ ਸਿੱਧੇ ਤੌਰ ’ਤੇ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਟਿੱਡੀ ਦਲ ਦੀ ਪੈਦਾਇਸ਼ ਵਾਲੇ ਖੇਤਰਾਂ ਨੂੰ ਸਾਫ਼-ਸੁਥਰਾ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਵੀ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐਫਏਓ) ਜੋ ਆਲਮੀ ਪੱਧਰ ’ਤੇ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਕੰਮ ਕਰਦੀ ਹੈ, ਨੂੰ ਵੀ ਟਿੱਡੀ ਦਲ ਦੇ ਪ੍ਰਜਨਨ ਨੂੰ ਕੰਟਰੋਲ ਕਰਨ ਲਈ ਪਾਕਿਸਤਾਨ ਵਿੱਚ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਕਿਹਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਇਸ ਮਹਾਮਾਰੀ ਦੇ ਫੈਲਾਅ ’ਤੇ ਕਾਬੂ ਪਾਉਣ ਲਈ ਕੀਟਨਾਸ਼ਕਾਂ ਦੇ ਛਿੜਕਾਅ ਲਈ ਆਧੁਨਿਕ ਤਕਨਾਲੋਜੀ, ਹੈਲੀਕਾਪਟਰਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਟਿੱਡੀ ਕੰਟਰੋਲ ਵਿਧੀ ਨੂੰ ਅਪਨਾਉਣਾ ਚਾਹੀਦਾ ਹੈ।
ਕੈਪਟਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਟਿੱਡੀ ਦਲ ਦੇ ਹਮਲਿਆਂ ਨੂੰ ਨਾ ਰੋਕਿਆ ਗਿਆ ਤਾਂ ਭਾਰਤ, ਖਾਸ ਤੌਰ ’ਤੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਗੁਜਰਾਤ ਸੂਬਿਆਂ ਦੇ ਖੇਤੀਬਾੜੀ ਉਤਪਾਦਨ ’ਤੇ ਗੰਭੀਰ ਅਸਰ ਪੈ ਸਕਦਾ ਹੈ। ਪੰਜਾਬ ਵਿੱਚ ਖੇਤੀਬਾੜੀ ਵਿਭਾਗ ਪਹਿਲਾਂ ਹੀ ਇਸ ਨੂੰ ਰੋਕਣ ਲਈ ਪ੍ਰਬੰਧ ਕਰ ਰਿਹਾ ਹੈ। ਸੂਬਾ ਅਧਿਕਾਰੀਆਂ ਨੇ ਅਬੋਹਰ ਤੇ ਆਸ-ਪਾਸ ਦੇ ਇਲਾਕਿਆਂ ਦਾ ਵਿਆਪਕ ਦੌਰਾ ਵੀ ਕੀਤਾ ਹੈ।