ਲਾਹੌਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲੇ ਦੇ ਪੀਰ ਬਾਬਾ 'ਚ ਸ਼ਨੀਵਾਰ ਤੋਂ ਲਾਪਤਾ ਇੱਕ ਸਿੱਖ ਪਰਿਵਾਰ ਦੀ ਸਰਕਾਰੀ ਅਧਿਆਪਕਾ ਨੂੰ ਰਸਤੇ 'ਚ ਹੀ ਅਗਵਾ ਕਰ ਲਿਆ ਗਿਆ। ਲੜਕੀ ਦਾ ਅਜੇ ਤੱਕ ਕੋਈ ਪਤਾ ਸਕਿਆ। ਪਾਕਿਸਤਾਨ 'ਚ ਰਹਿੰਦੇ ਹਿੰਦੂ ਅਤੇ ਸਿੱਖ ਪਰਿਵਾਰਾਂ 'ਚ ਸਰਕਾਰ ਪ੍ਰਤੀ ਭਾਰੀ ਗੁੱਸਾ ਹੈ।



ਜਾਣਕਾਰੀ ਅਨੁਸਾਰ ਲਾਪਤਾ ਲੜਕੀ ਦਾ ਨਾਂ ਦੀਨ ਕੌਰ ਹੈ। ਉਹ ਸਰਕਾਰੀ ਅਧਿਆਪਕਾ ਹੈ। ਪਿਤਾ ਗੁਰਚਰਨ ਸਿੰਘ ਪਾਕਿਸਤਾਨ ਦੇ ਸਿਹਤ ਵਿਭਾਗ ਤੋਂ ਸੇਵਾਮੁਕਤ ਹੋਏ ਹਨ ਅਤੇ ਇੱਕ ਗੁਰਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਲੜਕੀ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਲੈ ਕੇ ਸਿੱਖ ਅਤੇ ਹਿੰਦੂ ਭਾਈਚਾਰੇ ਨੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਉਸ ਦੀ ਲੜਕੀ ਸਰਕਾਰੀ ਅਧਿਆਪਕ ਹੈ। ਉਹ ਰੋਜ਼ਾਨਾ ਵਾਂਗ ਡਿਊਟੀ 'ਤੇ ਘਰੋਂ ਨਿਕਲੀ ਸੀ। ਰਸਤੇ ਵਿੱਚ ਉਸਦੇ ਗੁਆਂਢੀ ਹਸਬ ਉੱਲਾ ਨੇ ਉਸਦੇ ਸਾਥੀਆਂ ਸਮੇਤ ਉਸਨੂੰ ਅਗਵਾ ਕਰ ਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਤੇ ਪ੍ਰਸ਼ਾਸਨ ਦੀ ਆਰੋਪੀਆਂ ਨਾਲ ਮਿਲੀਭੁਗਤ ਹੈ। ਇਹੀ ਕਾਰਨ ਹੈ ਕਿ ਬੇਟੀ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ।

ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਘੰਟਿਆਂ ਤੋਂ ਆਪਣੀ ਲੜਕੀ ਦੀ ਭਾਲ ਕਰ ਰਹੇ ਹਨ ਪਰ ਸਥਾਨਕ ਪੁਲੀਸ ਇਨਸਾਫ ਨਹੀਂ ਦੇ ਰਹੀ। ਪਿਤਾ ਨੇ ਪਾਕਿਸਤਾਨ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਪੁਲੀਸ ਦੀ ਮਿਲੀਭੁਗਤ ਨਾਲ ਲੜਕੀ ਨੂੰ ਕਿਸੇ ਥਾਂ ’ਤੇ ਛੁਪਾ ਲਿਆ ਹੈ।

ਪਿਤਾ ਗੁਰਚਰਨ ਸਿੰਘ ਨੇ ਭਾਰਤ ਸਮੇਤ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਪਾਕਿਸਤਾਨ ਸਰਕਾਰ ’ਤੇ ਦਬਾਅ ਬਣਾਉਣ ਦੀ ਮੰਗ ਵੀ ਕੀਤੀ ਹੈ। ਬਾਬਾ ਗੁਰਪਾਲ ਸਿੰਘ, ਬਾਬਾ ਇੰਦਰਜੀਤ ਸਿੰਘ ਅਤੇ ਬਾਬਾ ਹਰਮੀਤ ਸਿੰਘ ਪਿਸ਼ਾਵਰ ਨੇ ਕਿਹਾ ਕਿ ਅਜਿਹੇ ਹਮਲਿਆਂ ਨਾਲ ਪਾਕਿਸਤਾਨ ਵਿੱਚ ਰਹਿੰਦੇ ਹਿੰਦੂਆਂ ਅਤੇ ਸਿੱਖਾਂ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਹੈ।