ਚੰਡੀਗੜ੍ਹ: ਪੰਜਾਬੀ ਬੋਲੀ ਲਈ ਯਤਨਸ਼ੀਲ ਕਾਰਕੁੰਨ ਪੰਡਿਤ ਰਾਓ ਧਰੇਨਵਰ ਨੇ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤਾਂ ਨੂੰ ਨੱਥ ਪਾਉਣ ਲਈ ਤਿਆਰੀ ਆਰੰਭ ਦਿੱਤੀ ਹੈ। ਬੀਤੇ ਦਿਨੀਂ ਮੂਸੇਵਾਲਾ ਦਾ ਅਖਾੜਾ ਦੇਖਣ ਆਏ ਲੁਧਿਆਣਾ ਦੇ ਨੌਜਵਾਨ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਜਾਣ 'ਤੇ ਧਰੇਨਵਰ ਨੇ ਪੰਜਾਬ ਪੁਲਿਸ ਦੇ ਮੁਖੀ ਅਤੇ ਮੁਹਾਲੀ ਦੇ ਪੁਲਿਸ ਕਪਤਾਨ ਨੂੰ ਉਕਤ ਗਾਇਕ ਨੂੰ ਤੁਰੰਤ ਸੰਮਨ ਕੀਤੇ ਜਾਣ ਦੀ ਮੰਗ ਕੀਤੀ ਹੈ।
ਪੰਡਿਤ ਰਾਓ ਧਰੇਨਵਰ ਨੇ ਮੁਹਾਲੀ ਦੇ ਐਸਐਸਪੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬੀ ਵਿੱਚ ਭੜਕਾਊ ਗਾਣੇ ਗਾਉਣ ਵਾਲੇ ਸਿੱਧੂ ਮੂਸੇਵਾਲਾ ਨੂੰ ਤੁਰੰਤ ਸੰਮਨ ਕਰਕੇ ਪੁੱਛਿਆ ਜਾਵੇ ਕਿ ਉਨ੍ਹਾਂ ਦੇ ਗੀਤ ਸੈਂਸਰ ਬੋਰਡ ਤੋਂ ਪਾਸ ਹੋਏ ਜਾਂ ਨਹੀਂ । ਉਨ੍ਹਾਂ ਮੰਗ ਕੀਤੀ ਹੈ ਕਿ ਜੇਕਰ ਗਾਣੇ ਬੋਰਡ ਤੋਂ ਪ੍ਰਵਾਨ ਸਨ ਇਸ ਦੀ ਕਾਪੀ ਉਨ੍ਹਾਂ ਨੂੰ ਦਿੱਤੀ ਜਾਵੇ। ਧਰੇਨਵਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੱਚਰ, ਨਸ਼ੇ ਤੇ ਹਥਿਆਰਾਂ ਨੂੰ ਪ੍ਰਫੁੱਲਿਤ ਕਰਨ ਵਾਲੇ ਗਾਣਿਆਂ ਦੇ ਵਿਰੋਧ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੋਈ ਹੈ।
ਪੁਲਿਸ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਇਹ ਵੀ ਪੁੱਛਿਆ ਜਾਵੇ ਕਿ ਇਨ੍ਹਾਂ ਦੇ ਗਾਣੇ ਇੰਟਰਨੈਟ ਤੋਂ ਉਹ ਆਪ ਕਿਉਂ ਨਹੀਂ ਹਟਾ ਸਕਦੇ ਕਿਉਂਕਿ ਇਹ ਗਾਣੇ ਸੁਣ ਕੇ ਹੀ ਸਰਬਜੀਤ ਸਿੰਘ ਨੂੰ ਅਚਾਨਕ ਗੋਲ਼ੀ ਲੱਗੀ ਅਤੇ ਅਤੇ ਬੀਤੀ 16 ਦਸੰਬਰ ਨੂੰ ਮੁਹਾਲੀ ਦੇ ਹੋਟਲ ਵਿੱਚ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ ਲਿਖਤ ਵਿੱਚ ਇਹ ਵੀ ਲਿਆ ਜਾਵੇ ਕਿ ਉਹ ਕਿਤੇ ਹਥਿਆਰਾਂ ਦੀ ਪ੍ਰਸ਼ੰਸਾ ਕਰਨ ਵਾਲੇ ਗਾਣੇ ਨਹੀਂ ਗਾਉਣਗੇ।