ਪੰਥਕ ਇਕੱਠ ਨੇ ਕਸੂਤੀ ਫਸਾਈ SGPC, ਕਿਹਾ-ਜੇ ਗੱਲਾਂ ਨਾ ਮੰਨੀਆਂ ਤਾਂ ਘਰਾਂ ਦਾ ਹੋਵੇਗਾ ਘਿਰਾਓ, ਸਿੱਖ ਸੰਗਤਾਂ ਦਾ ਰੋਹ ਝੱਲਣ ਲਈ ਰਹੋ ਤਿਆਰ
ਜੇ ਉਹ ਆਪਣਾ ਫਰਜ਼ ਨਹੀਂ ਪਹਿਛਾਣਦੇ ਤਾਂ ਅੱਜ ਦਾ ਇਹ ਪੰਥਕ ਇਕੱਠ ਇਹ ਫੈਸਲਾ ਕਰਦਾ ਹੈ ਕਿ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਵਾਲੇ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮੂਹ ਸਿੱਖ ਸੰਗਤਾਂ ਹਰ ਪਿੰਡ ਵਿੱਚੋਂ ਆਪ ਮੁਹਾਰੇ ਵਹੀਰਾਂ ਘੱਤ ਕੇ ਪੁੱਜਣਗੇ।
Punjab News: ਸ੍ਰੀ ਆਨੰਦਪੁਰ ਸਾਹਿਬ 'ਚ ਪੰਥਕ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਤਾੜਨਾ ਕੀਤਾ ਹੈ ਤੇ ਸਿੱਖ ਸੰਗਤ ਦਾ ਰੋਹ ਝੱਲਣ ਲਈ ਤਿਆਰ ਰਹਿਣ ਲਈ ਕਿਹਾ ਹੈ।
ਜ਼ਿਕਰ ਕਰ ਦਈਏ ਕਿ ਇਸ ਮੌਕੇ ਪੰਥਕ ਇਕੱਠ ਵਿੱਚ 6 ਮਤੇ ਪਾਏ ਗਏ ਹਨ ਜਿਸ ਵਿੱਚ ਉਨ੍ਹਾਂ ਅੱਜ ਦਾ ਇਹ ਪੰਥਕ ਇਕੱਠ ਅੰਤਰਿੰਗ ਕਮੇਟੀ ਦੇ ਉਨਾਂ ਤਿੰਨ ਮੈਂਬਰਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਕੌਮੀ ਭਾਵਨਾ ਦੀ ਤਰਜਮਾਨੀ ਕਰਦਿਆਂ ਹੋਇਆਂ ਸਿੰਘ ਸਾਹਿਬਾਨਾਂ ਨੂੰ ਹਟਾਉਣ ਵਾਲੇ ਮਤੇ ਦਾ ਵਿਰੋਧ ਕੀਤਾ ਸੀ ਅਤੇ ਬਾਕੀ ਦੇ ਅੰਤਰਿੰਗ ਕਮੇਟੀ ਦੇ ਜੋ 11 ਮੈਂਬਰ ਹਨ ਉਹਨਾਂ ਨੂੰ ਅਪੀਲ ਕਰਦਾ ਹੈ ਕਿ ਉਹ 17 ਤਰੀਕ ਨੂੰ ਪਹਿਲਾਂ ਵਾਲੇ ਜਥੇਦਾਰਾਂ ਦੀ ਸੇਵਾ ਬਹਾਲੀ ਕਰਨ ਅਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ ਕਰਨ ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਸਿੱਖ ਸੰਗਤਾਂ ਨੂੰ ਇਹ ਵੀ ਅਪੀਲ ਕਰਦਾ ਹੈ ਕਿ ਅੰਤਰਿੰਗ ਕਮੇਟੀ ਦੇ 11 ਮੈਂਬਰਾਂ ਨੂੰ ਮਿਲ ਕੇ ਇਹ ਤਸਦੀਕ ਕਰਨ ਕਿ ਉਹ 17 ਤਰੀਕ ਨੂੰ ਆਪਣੇ ਫਰਜ਼ ਨੂੰ ਪਛਾਣਦੇ ਹੋਏ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਗੇ ? ਜੇ ਉਹ ਅਜਿਹਾ ਕਰਨ ਲਈ ਸਹਿਮਤ ਨਹੀਂ ਹੁੰਦੇ ਤਾਂ ਸਿੱਖ ਸੰਗਤਾਂ ਉਹਨਾਂ ਦਾ ਘਰਾਓ ਕਰਨ ਅਤੇ ਉਹਨਾਂ ਨੂੰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਫੈਸਲਾ ਲੈਣ ਲਈ ਮਜਬੂਰ ਕਰਨ।
ਇਸ ਦੇ ਨਾਲ ਹੀ ਕਿਹਾ ਗਿਆ ਕਿ ਅੱਜ ਦਾ ਇਹ ਪੰਥਕ ਇਕੱਠ ਸਮੂਹ ਸੰਗਤਾਂ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਆਪੋ ਆਪਣੇ ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨੂੰ 28 ਮਾਰਚ ਨੂੰ ਹੋ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਤੋਂ ਪਹਿਲਾਂ ਪਹਿਲਾਂ ਵਫਦ ਰੂਪ ਵਿੱਚ ਮਿਲ ਕੇ ਸਮੂਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਕੋਲੋਂ ਤਸਦੀਕ ਕਰਨ ਕਿ ਉਹ ਅੰਤਰਿੰਗ ਕਮੇਟੀ ਵੱਲੋਂ ਕੀਤੇ ਗਏ ਪੰਥ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਆਪਣਾ ਯੋਗਦਾਨ ਦੇਣਗੇ ।
ਜੇ ਉਹ ਆਪਣਾ ਫਰਜ਼ ਨਹੀਂ ਪਹਿਛਾਣਦੇ ਤਾਂ ਅੱਜ ਦਾ ਇਹ ਪੰਥਕ ਇਕੱਠ ਇਹ ਫੈਸਲਾ ਕਰਦਾ ਹੈ ਕਿ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਵਾਲੇ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮੂਹ ਸਿੱਖ ਸੰਗਤਾਂ ਹਰ ਪਿੰਡ ਵਿੱਚੋਂ ਆਪ ਮੁਹਾਰੇ ਵਹੀਰਾਂ ਘੱਤ ਕੇ ਪੁੱਜਣਗੇ। ਇਸ ਲਈ ਆਪਣਾ ਫਰਜ ਨਾ ਪਛਾਨਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਮੂਹ ਸਿੱਖ ਸੰਗਤਾਂ ਦਾ ਰੋਹ ਝੱਲਣ ਲਈ ਤਿਆਰ ਰਹਿਣ ।






















