ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਹਲਕੇ ਵਿੱਚ ਵੱਡੀ ਰੈਲੀ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਾਖ਼ ਸੁਧਾਰਨ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਤੇ ਪਾਰਟੀ ਪ੍ਰਧਾਨ ਨੂੰ ਰੋਡ-ਮੈਪ ਸੁਝਾਇਆ ਹੈ। ਬਾਦਲ ਨੇ ਰੈਲੀ ਦੀ ਸਮਾਪਤੀ ਤੋਂ ਐਨ ਪਹਿਲਾਂ ਇੱਛਾ ਪ੍ਰਗਟ ਕੀਤੀ ਕਿ ਟਕਸਾਲੀ ਆਗੂਆਂ ਦਾ ਸਨਮਾਨ ਕੀਤਾ ਜਾਣਾ ਬਣਦਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਆਪਣੀ 'ਪਤਲੀ' ਪੈ ਚੁੱਕੀ ਯਾਦਾਸ਼ਤ ਦਾ ਮੁਜ਼ਾਹਰਾ ਕਰਦਿਆਂ ਕਿਹਾ ਕਿ ਉਹ ਟਕਸਾਲੀ ਲੀਡਰਾਂ ਨੂੰ ਲੱਭ ਕੇ ਸੂਚੀਆਂ ਬਣਾਉਣੀਆਂ ਚਾਹੀਦੀਆਂ ਹਨ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੁਖਬੀਰ ਨੂੰ ਅਪੀਲ ਕਰਦੇ ਹਨ ਕਿ ਇੱਕ ਰੈਲੀ ਦੁਆਬਾ ਤੇ ਇੱਕ ਮਾਝਾ ਵਿੱਚ ਕੀਤੀ ਜਾਵੇ। ਇਸ ਦੇ ਨਾਲ ਹੀ ਬਾਦਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਜਾਂ ਉਨ੍ਹਾਂ ਤੋਂ ਪਹਿਲਾਂ ਜੇਲ੍ਹਾਂ ਕੱਟਣ ਵਾਲੇ ਟਕਸਾਲੀ ਅਕਾਲੀ ਲੀਡਰਾਂ ਨੂੰ ਵੱਡਾ ਸਮਾਗਮ ਕਰਕੇ ਸਨਮਾਨਤ ਕੀਤਾ ਜਾਵੇ। ਬਾਦਲ ਨੇ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪਿਆ ਹੈ। ਉਨ੍ਹਾਂ ਟਕਸਾਲੀ ਆਗੂਆਂ ਦੀ ਲਿਸਟ ਬਣਾਉਣ ਤੇ ਸਮਾਗਮ ਰੱਖ ਕੇ ਉਨ੍ਹਾਂ ਦਾ ਸਨਮਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਦਲ ਨੂੰ ਆਪਣੇ ਟਕਸਾਲੀ ਆਗੂ ਵਿੱਸਰੇ ਹੀ ਪਏ ਹਨ।

ਹਾਲਾਂਕਿ, ਪਿਛਲੇ ਮਹੀਨਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਵੀ ਟਕਸਾਲੀ ਤੇ ਜੇਲ੍ਹਾਂ ਕੱਟਣ ਵਾਲੇ ਅਕਾਲੀਆਂ ਨੂੰ ਸਨਮਾਨਤ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਬਜ਼ੁਰਗ ਅਕਾਲੀ ਲੀਡਰਾਂ ਵੱਲੋਂ ਪਾਰਟੀ ਦੀ 'ਨਿਆਣੀ' ਲੀਡਰਸ਼ਿਪ ਦੀ ਈਨ ਨਾ ਮੰਨਣ ਦੇ ਐਲਾਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਐਲਾਨ ਜਨਤਕ ਮੰਚ ਤੋਂ ਕਰਨਾ ਪਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਟਕਸਾਲੀ ਅਕਾਲੀ ਲੀਡਰ ਆਪਣੀ ਪਾਰਟੀ ਦੀ ਹਾਈਕਮਾਨ ਤੋਂ ਖਫਾ ਹਨ। ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋਣ ਤੋਂ ਬਾਅਦ ਮਾਝੇ ਦੇ ਦਿੱਗਜ ਅਕਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਦੀ ਇਸ ਰੈਲੀ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਸੀ।