ਪਠਾਨਕੋਟ: ਜ਼ਿਲ੍ਹਾ ਪੁਲਿਸ ਨੇ ਭੀੜ-ਭਾੜ ਵਾਲੀ ਥਾਂ 'ਤੇ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਲੋਕਾਂ ਦੀਆਂ ਜੇਬ੍ਹਾਂ ਵਿੱਚੋਂ ਪੈਸੇ ਉਡਾਉਣ ਵਾਲੀਆਂ 6 ਮਹਿਲਾਵਾਂ ਦਾ ਗਰੋਹ ਕਾਬੂ ਕੀਤਾ ਹੈ। ਪਿਛਲੇ ਕੁਝ ਦਿਨ ਪਹਿਲਾਂ ਇਨ੍ਹਾਂ ਮਹਿਲਾਵਾਂ ਨੇ ਧਾਰਮਕ ਭੰਡਾਰੇ ਵਿੱਚ ਆਏ ਇੱਕ ਨੌਜਵਾਨ ਦੀ ਜੇਬ੍ਹ ਵਿੱਚੋਂ 92 ਹਜ਼ਾਰ ਰੁਪਏ ਕੱਢ ਲਏ ਸੀ। ਪੁਲਿਸ ਨੇ ਸਾਰੀਆਂ ਮਹਿਲਾਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਲੈ ਲਿਆ ਹੈ। ਬੀਤੇ ਦਿਨੀਂ ਸਿਆਸੀ ਪਾਰਟੀਆਂ ਦੀਆਂ ਚੋਣ ਰੈਲੀਆਂ ਤੇ ਰੋਡ ਸ਼ੋਅ ਵਿੱਚੋਂ ਵੀ ਲੋਕਾਂ ਦੀਆਂ ਜੇਬ੍ਹਾਂ ਕੱਟਣ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਸੀ। ਇਨ੍ਹਾਂ ਦੀ ਪੁੱਛ-ਗਿੱਛ ਤੋਂ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਗੁਰਦਾਸਪੁਰ ਤੋਂ ਸਾਂਸਦ ਦਿਓਲ ਨੇ ਆਪਣੀ ਜਿੱਤ ਬਾਅਦ ਪਠਾਨਕੋਟ ਵਿੱਚ ਲੋਕਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਕੱਢਿਆ ਸੀ। ਇਸੇ ਦੌਰਾਨ ਰੋਡ ਸ਼ੋਅ ਵਿੱਚ ਇੱਕ ਮਹਿਲਾ ਵੱਲੋਂ ਬੀਜੇਪੀ ਵਰਕਰ ਦੀ ਜੇਬ੍ਹ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ ਉਸ ਮਹਿਲਾ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਜਾਣਕਾਰੀ ਦਿੰਦਿਆਂ ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਪੁਲਿਸ ਨੇ ਭੀੜ-ਭਾੜ ਵਾਲੀਆਂ ਥਾਵਾਂ 'ਤੇ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਲੋਕਾਂ ਦੀਆਂ ਜੇਬ੍ਹਾਂ ਵਿੱਚੋਂ ਪੈਸੇ ਕੱਢਣ ਵਾਲੀਆਂ 6 ਮਹਿਲਾਵਾਂ ਕਾਬੂ ਕੀਤੀਆਂ ਹਨ। ਕੁਝ ਦਿਨ ਪਹਿਲਾਂ ਇਹ ਮਹਿਲਾਵਾਂ ਨੇ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਹਿਲਾਵਾਂ ਮੂਲ ਰੂਪ ਨਾਲ ਝਾਰਖੰਡ ਦੀਆਂ ਰਹਿਣ ਵਾਲੀਆਂ ਹਨ।