ਚੰਡੀਗੜ੍ਹ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਮਹਾਰਾਣੀ ਪਰਨੀਤ ਕੌਰ ਦੀ ਜਿੱਤ ਨੂੰ ਵੱਡੀ ਜਿੱਤ ਲਈ ਵਧਾਈ ਦਿੱਤੀ। ਇਸ ਮੌਕੇ ਧਰਮਸੋਤ ਨੇ ਕਿਹਾ ਕਿ ਜੋ ਪਾਰਟੀ ਵਿੱਚ ਰਹਿ ਕੇ ਕਾਂਗਰਸ ਦੀ ਬਗ਼ਾਵਤ ਕਰ ਰਹੇ ਸੀ, ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਤੇ ਉਨ੍ਹਾਂ ਦੇ ਦੰਦ ਖੱਟੇ ਹੋ ਗਏ ਹਨ। ਨਵਜੋਤ ਕੌਰ ਸਿੱਧੂ ਬਾਰੇ ਪੁੱਛਣ 'ਤੇ ਧਰਮਸੋਤ ਨੇ ਯੂ-ਟਰਨ ਲੈਂਦਿਆਂ ਕਿਹਾ ਕਿ ਉਹ ਸਾਡੀ ਭੈਣ ਹੈ ਤੇ ਉਹ ਉਨ੍ਹਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ।

ਦਰਅਸਲ ਇਸ ਮੌਕੇ ਧਰਮਸੋਤ ਨਾਭਾ ਪਹੁੰਚੇ ਹੋਏ ਹਨ। ਇਸ ਮੌਕੇ ਧਰਮਸੋਤ ਨੇ ਕਾਂਗਰਸ ਹਾਈਕਮਾਨ ਵਿੱਚ ਹੋ ਰਹੀ ਮੀਟਿੰਗ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਰਵਾਈ 'ਤੇ ਬੋਲਦਿਆਂ ਕਿਹਾ ਕਿ ਸਿੱਧੂ 'ਤੇ ਕਾਰਵਾਈ ਦਾ ਫੈਸਲਾ ਹਾਈਕਮਾਨ ਨੇ ਲੈਣਾ ਹੈ। ਰਾਹੁਲ ਗਾਂਧੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ। ਜੇ ਕੋਈ ਹਾਰ ਜਾਂਦਾ ਹੈ ਤਾਂ ਉਹ ਘਰ ਛੱਡ ਕੇ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਸਾਰਾ ਭਾਰਤ ਰਾਹੁਲ ਗਾਂਧੀ ਦੇ ਨਾਲ ਖੜਾ ਹੈ।

ਦੱਸ ਦੇਈਏ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਮੰਗ ਕੀਤੀ ਗਈ ਸੀ ਕਿ ਸੁਨੀਲ ਜਾਖੜ ਤੇ ਰਾਹੁਲ ਗਾਂਧੀ ਨੂੰ ਆਪਣੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ। ਇਸ 'ਤੇ ਧਰਮਸੋਤ ਨੇ ਹਰਸਿਮਰਤ ਕੌਰ ਬਾਦਲ 'ਤੇ ਤੰਜ ਕੱਸਦਿਆ ਕਿਹਾ ਕਿ ਬੀਬੀ ਬਾਦਲ ਤੇ ਮਰਦੀ-ਮਰਦੀ ਮਸਾਂ ਹੀ ਬਚੀ ਹੈ। ਅਕਾਲੀਦਲ ਨੂੰ 2 ਸੀਟਾਂ ਆਈਆਂ ਹਨ ਜਦਕਿ ਕਾਂਗਰਸ ਨੂੰ 8 ਸੀਟਾਂ ਮਿਲੀਆਂ ਹਨ।

ਧਰਮਸੋਤ ਨੇ ਕਾਂਗਰਸ ਦੀ ਹਾਰ ਲਈ ਬੀਜੇਪੀ 'ਤੇ ਸਵਾਲ ਖੜੇ ਕੀਤੇ ਹਨ ਕਿ ਜਿੱਥੇ ਸਾਡੀ ਸਰਕਾਰ ਸੀ ਉੱਥੇ ਵੀ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ। ਇਸ ਨਤੀਜਿਆਂ ਦਾ ਹੌਲੀ-ਹੌਲੀ ਪਤਾ ਚੱਲ ਜਾਵੇਗਾ। ਇਹ ਜਿੱਤ ਪੂਰੀ ਪਲਾਨਿੰਗ ਨਾਲ ਹੋਈ ਹੈ। ਭਗਵੰਤ ਮਾਨ 'ਤੇ ਤੰਜ ਕਸਦਿਆ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਚਾਰ ਸੀਟਾਂ ਜਿੱਤਣ ਵਾਲੀ 'ਆਪ' ਨੂੰ ਹੁਣ ਸਿਰਫ ਇੱਕ ਸੀਟ ਮਿਲੀ ਹੈ ਤੇ ਝਾੜੂ ਤੀਲ੍ਹਾ-ਤੀਲ੍ਹਾ ਹੋ ਗਿਆ ਹੈ।