ਪਟਿਆਲਾ 'ਚ ਬੇਘਰੇ ਲੋਕਾਂ ਨੂੰ ਜਲਦੀ ਅਲਾਟ ਕੀਤੇ ਜਾਣਗੇ ਮਕਾਨ, 176 EWS ਰਿਹਾਇਸ਼ੀ ਮਕਾਨਾਂ ਦਾ ਪ੍ਰਾਜੈਕਟ ਮੁਕੰਮਲ
ਸੂਬੇ ਵਿੱਚ ਸਾਰਿਆਂ ਦੇ ਸਿਰ 'ਤੇ ਛੱਤ ਮੁਹੱਈਆ ਕਰਵਾਉਣ ਦਾ ਸੁਪਨਾ ਸਾਕਾਰ ਕਰਨ ਦੀ ਦਿਸ਼ਾ ਵਿੱਚ ਕਦਮ ਵਧਾਉਂਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਨੇ ਜ਼ਿਲ੍ਹਾ ਪਟਿਆਲਾ ਵਿੱਚ 176 EWS ਮਕਾਨਾਂ ਦੀ ਉਸਾਰੀ ਮੁਕੰਮਲ ਕਰ ਲਈ ਹੈ।
ਚੰਡੀਗੜ੍ਹ: ਸੂਬੇ ਵਿੱਚ ਸਾਰਿਆਂ ਦੇ ਸਿਰ 'ਤੇ ਛੱਤ ਮੁਹੱਈਆ ਕਰਵਾਉਣ ਦਾ ਸੁਪਨਾ ਸਾਕਾਰ ਕਰਨ ਦੀ ਦਿਸ਼ਾ ਵਿੱਚ ਕਦਮ ਵਧਾਉਂਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਨੇ ਜ਼ਿਲ੍ਹਾ ਪਟਿਆਲਾ ਵਿੱਚ 176 EWS ਮਕਾਨਾਂ ਦੀ ਉਸਾਰੀ ਮੁਕੰਮਲ ਕਰ ਲਈ ਹੈ। ਇਹ ਮਕਾਨ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਬੇਘਰੇ ਐਸ.ਸੀ. / ਬੀ.ਸੀ ਪਰਿਵਾਰਾਂ ਨੂੰ ਦਿੱਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਹਾਜੀਮਾਜਰਾ ਵਿਖੇ 176 EWS ਮਕਾਨਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਜਲਦੀ ਇਹ ਮਕਾਨ ਲਾਭਪਾਤਰੀਆਂ ਨੂੰ ਸੌਂਪ ਦਿੱਤੇ ਜਾਣਗੇ।
ਇਹ ਪ੍ਰਾਜੈਕਟ ਸੰਗਰੂਰ-ਪਟਿਆਲਾ ਹਾਈਵੇ ਅਤੇ ਸਮਾਣਾ ਸੜਕ ਦੇ ਮੁੱਖ ਜੰਕਸ਼ਨ 'ਤੇ ਸਥਿਤ ਹੈ। ਮੰਤਰੀ ਨੇ ਦੱਸਿਆ ਕਿ ਪਟਿਆਲਾ ਵਿਕਾਸ ਅਥਾਰਟੀ (PDA) ਨੂੰ 1.69 ਏਕੜ ਰਕਬੇ ਵਿੱਚ 176 (ਜੀ + 3) EWS ਮਕਾਨ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ ਅਤੇ ਇਕ ਮਕਾਨ ਦਾ ਕਾਰਪੈਟ ਏਰੀਆ 25.25 ਵਰਗ ਮੀਟਰ ਹੈ। ਉਨ੍ਹਾਂ ਕਿਹਾ ਕਿ ਇਕ ਮਕਾਨ ਦੀ ਉਸਾਰੀ 'ਤੇ 4.10 ਲੱਖ ਰੁਪਏ ਲਾਗਤ ਆਈ ਹੈ ਅਤੇ ਇਸ ਪ੍ਰਾਜੈਕਟ ਦੀ ਕੁੱਲ ਲਾਗਤ ਤਕਰੀਬਨ 7 ਕਰੋੜ ਰੁਪਏ ਹੈ।
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 124 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ। ਪੀਡੀਏ ਜਲਦ ਹੀ 124 ਪਛਾਣ ਕੀਤੇ ਲਾਭਪਾਤਰੀਆਂ ਨੂੰ ਮਕਾਨ ਅਲਾਟ ਕਰੇਗੀ।