ਮੀਂਹ ਦਾ ਕਹਿਰ! ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਮੁਖੀ ਸਮੇਤ ਚਾਰ ਜੀਆਂ ਦੀ ਮੌਤ
ਰਾਤੀਂ ਦੋ ਵਜੇ ਤੋਂ ਸ਼ੁਰੂ ਹੋਈ ਬਰਸਾਤ ਦੇ ਚੱਲਦਿਆ ਮਕਾਨ ਦੇ ਪਿਛਲੇ ਹਿੱਸੇ ਦੀ ਦੀਵਾਰ ਮਕਾਨ ਦੀ ਛੱਤ ਡਿੱਗ ਪਈ ਜਿਸ ਦੇ ਮਲਬੇ ਥੱਲੇ ਦੱਬ ਕੇ ਰਾਜੂ ਤੇ ਉਸ ਦੀ ਪਤਨੀ ਬਬੀਤਾ, ਬੇਟੀ ਖੁਸ਼ੀ ਤੇ ਬੇਟੇ ਅਮਨ ਦੀ ਮੌਕੇ ਤੇ ਮੌਤ ਹੋ ਗਈ
ਪਾਤੜਾਂ/ਪਟਿਆਲਾ: ਸ਼ਹਿਰ ਦੀ ਵਾਰਡ 9 'ਚ ਅੱਜ ਸਵੇਰੇ ਤਕਰੀਬਨ ਪੰਜ ਵਜੇ ਦੇ ਕਰੀਬ ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਇੱਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਸਦਰ ਥਾਣਾ ਪਾਤੜਾਂ ਦੇ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਹਰਿਆਣਾ ਰਾਜ ਦੇ ਕਸਬਾ ਆਸੰਧ ਨਾਲ ਸਬੰਧਤ ਰਾਜੂ ਨਾਮ ਦੇ ਵਿਅਕਤੀ ਵਲੋਂ ਪਾਤੜਾਂ ਸ਼ਹਿਰ ਦੀ ਵਾਰਡ 9 ਵਿੱਚ ਮਕਾਨ ਕਰਾਏ ਤੇ ਲਿਆ ਹੋਇਆ ਸੀ ਤੇ ਰਾਜੂ ਖੁਦ ਅਨਾਜ ਮੰਡੀ ਪਾਤੜਾਂ 'ਚ ਪੱਲੇਦਾਰ ਵਜੋ ਕੰਮ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਬੀਤੀ ਤਕਰੀਬਨ ਦੋ ਵਜੇ ਤੋਂ ਸ਼ੁਰੂ ਹੋਈ ਭਾਰੀ ਬਰਸਾਤ ਦੇ ਚੱਲਦਿਆ ਮਕਾਨ ਦੇ ਪਿਛਲੇ ਹਿੱਸੇ ਦੀ ਦੀਵਾਰ ਜ਼ਮੀਨ ਵਿੱਚ ਧੱਜ ਜਾਣ ਕਾਰਨ ਮਕਾਨ ਦੀ ਛੱਤ ਡਿੱਗ ਪਈ ਜਿਸ ਦੇ ਮਲਬੇ ਥੱਲੇ ਦੱਬ ਕੇ ਰਾਜੂ ਤੇ ਉਸ ਦੀ ਪਤਨੀ ਬਬੀਤਾ, ਬੇਟੀ ਖੁਸ਼ੀ ਤੇ ਬੇਟੇ ਅਮਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਰਾਜੂ ਦੇ ਪੰਦਰਾਂ ਸਾਲਾਂ ਬੱਚੇ ਨੂੰ ਸਥਾਨਕ ਲੋਕਾਂ ਵਲੋਂ ਪੁਲਿਸ ਦੀ ਮਦਦ ਨਾਲ ਮਲਬੇ ਹੇਠੋਂ ਕੱਡ ਕੇ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ ਪਾਤੜਾਂ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਘਟਨਾ ਦੀ ਖਬਰ ਮਿਲਦਿਆ ਸਾਰ ਹੀ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਆਪਣੀ ਟੀਮ ਨਾਲ ਹਸਪਤਾਲ 'ਚ ਪਹੁੰਚ ਸਥਿੱਤੀ ਜ਼ਾਇਜਾ ਲਿਆ ਗਿਆ। ਵਿਧਾਇਕ ਸ਼ੁਤਰਾਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ 'ਆਪ' ਸਰਕਾਰ ਦੁੱਖ ਘੜੀ ਵਿੱਚ ਮ੍ਰਿਤਕ ਰਾਜੂ ਦੇ ਪਰਿਵਾਰ ਨਾਲ ਖੜੀ ਹੈ ਤੇ ਜੋ ਵੀ ਸੰਭਵ ਸਹਾਇਤਾ ਦੀ ਲੋੜ ਹੋਈ ਉਹ ਸਰਕਾਰ ਵੱਲੋਂ ਕੀਤੀ ਜਾਵੇਗੀ।