ਮਾਨਸਾ ਜ਼ਿਲ੍ਹੇ 'ਚ ਵਧਣ ਲੱਗਾ ਗੁਲਾਬੀ ਸੁੰਡੀ ਦਾ ਹਮਲਾ, ਕਿਸਾਨ ਨੇ ਟਰੈਕਟਰ ਨਾਲ ਵਾਹੀ 4 ਏਕੜ ਫਸਲ
ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਫਸਲ ਨੂੰ ਖੇਤਾਂ ਵਿੱਚ ਹੀ ਟ੍ਰੈਕਟਰ ਨਾਲ ਵਾਹਕੇ ਉਜਾੜ ਰਹੇ ਹਨ।
ਮਾਨਸਾ: ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਫਸਲ ਨੂੰ ਖੇਤਾਂ ਵਿੱਚ ਹੀ ਟ੍ਰੈਕਟਰ ਨਾਲ ਵਾਹਕੇ ਉਜਾੜ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਭਲਾਈਕੇ ਵਿੱਚ ਗੁਲਾਬੀ ਸੁੰਡੀ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਪਹਿਲਾਂ ਕਿਸਾਨ ਗੁਰਵਿੰਦਰ ਸਿੰਘ ਨੇ ਡੇਢ ਏਕੜ ਅਤੇ ਕੁਲਦੀਪ ਸਿੰਘ ਨੇ 2 ਏਕੜ ਫ਼ਸਲ ਵਾਹ ਦਿੱਤੀ ਸੀ।
ਅੱਜ ਕਿਸਾਨ ਗੁਰਵਿੰਦਰ ਸਿੰਘ ਨੇ 4 ਏਕੜ ਜ਼ਮੀਨ ਤੇ ਬੀਜੀ ਨਰਮੇ ਦੀ ਫ਼ਸਲ ਵਾਹ ਦਿੱਤੀ। ਕਿਸਾਨ ਵੱਲੋਂ ਅਗੇਤੀ ਬਿਜਾਈ ਕੀਤੀ ਨਰਮੇ ਦੀ ਫ਼ਸਲ ਤੇ ਜਿਵੇਂ ਹੀ ਫੁੱਲ ਲਾਉਣੇ ਸ਼ੁਰੂ ਕੀਤੇ ਤਾਂ ਫੁੱਲਾਂ ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਕਿਸਾਨ ਨੇ ਫ਼ਸਲ ਤੇ ਟਰੈਕਟਰ ਚਲਾ ਕੇ ਫ਼ਸਲ ਨੂੰ ਵਾਹ ਦਿੱਤਾ। ਖੇਤ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨੀ ਗਈ ਫਸਲ ਲਈ 60 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਮਾਨਸਾ ਦੇ ਪਿੰਡ ਭਲਾਈਕੇ ਵਿੱਚ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਗੁਰਵਿੰਦਰ ਸਿੰਘ ਨੇ 4 ਏਕੜ ਜ਼ਮੀਨ ਵਿੱਚ ਬਿਜਾਈ ਕੀਤੀ ਨਰਮੇ ਦੀ ਫ਼ਸਲ ਤੇ ਟਰੈਕਟਰ ਚਲਾ ਕੇ ਫ਼ਸਲ ਨੂੰ ਤਬਾਹ ਕਰ ਦਿੱਤਾ। ਕਿਸਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਉਸਨੇ ਆਪਣੀ 4 ਏਕੜ ਨਰਮੇ ਦੀ ਫਸਲ ਵਾਹੀ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਖੇਤਾਂ ਵਿੱਚ ਆਏ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਹਿਣ ਤੇ ਅਸੀਂ ਖਰਾਬ ਹੋਏ ਫੁੱਲਾਂ ਨੂੰ ਤੋੜ ਕੇ ਸੁੱਟ ਦਿੱਤਾ ਸੀ, ਪਰ ਨਵੇਂ ਬਣੇ ਫੁੱਲਾਂ ਵਿੱਚ ਮੁੜ ਤੋਂ ਸੁੰਡੀ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਅੱਜ ਫਸਲ ਨੂੰ ਵਾਹੁਣਾ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇੱਕ ਏਕੜ ਤੇ 10-12 ਹਜ਼ਾਰ ਰੁਪਏ ਦਾ ਖਰਚਾ ਹੋ ਚੁਕਿਆ ਹੈ ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।
ਪਿੰਡ ਵਾਸੀ ਗਿੰਦਰ ਸਿੰਘ ਤੇ ਬੱਲਮ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੇਤਾਂ ਵਿੱਚ ਆ ਕੇ ਫੋਟੋਆਂ ਖਿਚਵਾ ਕੇ ਮੁੜ ਜਾਂਦੇ ਹਨ ਪਰ ਸੱਮਸਿਆ ਦਾ ਕੋਈ ਹੱਲ ਨਹੀਂ ਹੋਇਆ ਅਤੇ ਜਦੋ ਅਸੀਂ ਅਧਿਕਾਰੀਆਂ ਨੂੰ ਸਵਾਲ ਕਰਦੇ ਹਾਂ ਤਾਂ ਉਹ ਹੱਥ ਖੜੇ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਮਾੜਾ ਹੈ ਅਤੇ ਨਹਿਰੀ ਪਾਣੀ ਦੀ ਕਮੀ ਕਾਰਨ ਨਰਮੇ ਤੋਂ ਬਿਨਾ ਕੋਈ ਹੋਰ ਫਸਲ ਨਹੀਂ ਹੁੰਦੀ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਨੇ ਦੱਸਿਆ ਕਿ ਇਸ ਪਿੰਡ ਦਾ ਧਰਤੀ ਹੇਠਲਾ ਪਾਣੀ ਮਾੜਾ ਹੈ ਤੇ ਇਥੇ ਨਹਿਰੀ ਪਾਣੀ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਇਸ ਪਿੰਡ ਦੇ ਕਈ ਕਿਸਾਨ ਆਪਣੀ ਫਸਲ ਨੂੰ ਵਾਹ ਚੁੱਕੇ ਹਨ ਅਤੇ ਪਿਛਲੇ ਸਾਲ ਵੀ ਗੁਲਾਬੀ ਸੁੰਡੀ ਕਾਰਨ ਕਿਸਾਨਾਂ ਦੀ ਨਰਮੇ ਦੀ ਫਸਲ ਤਬਾਹ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੋਏ ਨੁਕਸਾਨ ਕਾਰਨ ਕਿਸਾਨਾਂ ਦੇ ਸਿਰ ਆੜਤੀਆਂ ਦਾ ਕਰਜ ਉਸੇ ਤਰਾਂ ਬਰਕਰਾਰ ਹੈ ਜਦਕਿ ਸਰਕਾਰ ਨੇ ਕਿਸਾਨਾਂ ਨੂੰ ਮਹਿਜ 17 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਾਲਾਤ ਇਸ ਵਾਰ ਵੀ ਪਿਛਲੇ ਸਾਲ ਦੀ ਤਰਾਂ ਹੀ ਬਣਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਰਮ ਪੱਟੀ ਦੇ ਇਸ ਏਰੀਏ ਦੇ ਕਿਸਾਨਾਂ ਲਈ ਭਾਖੜਾ ਬ੍ਰਾਂਚ ਵਿੱਚੋ ਮੋਘੇ ਲਗਾ ਕੇ ਦੇਣੇ ਚਾਹੀਦੇ ਹਨ ਤਾਂ ਜੋ ਕਿਸਾਨ ਬਦਲਵੀਂ ਖੇਤੀ ਕਰ ਸਕਣ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਤੀ ਏਕੜ 60 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।