PM Mementos Auction: ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਵੇਚਣ 'ਤੇ ਅਕਾਲੀ ਦਲ ਭੜਕਿਆ, ਕਿਹਾ ਜੇ PM ਨੇ ਨਹੀਂ ਰੱਖਣਾ ਤੋਹਫ਼ਾ ਤਾਂ SGPC ਨੂੰ ਕਰੋ ਵਾਪਸ
PM Modi Mementos Auction: ਸੁਖਬੀਰ ਸਿੰਘ ਬਾਦਲ ਨੇ ਐਕਸ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ਮੈਨੂੰ ਇਹ ਜਾਣ ਕੇ ਗਹਿਰਾ ਦੁੱਖ ਲੱਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ
PM Modi Mementos Auction: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਤੋਹਫ਼ੇ ਦੀ ਨਿਲਾਮੀ ਵਿੱਚ ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਸ਼ਾਮਲ ਕਰਨ ਨੂੰ ਲੈ ਕੇ ਅਕਾਲੀ ਦਲ ਗੁੱਸੇ ਵਿੱਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀਐਮ ਮੋਦੀ ਨੂੰ ਦਿੱਤੇ ਇਸ ਤੋਹਫ਼ੇ ਬਾਰੇ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਹ ਤੋਹਫ਼ਾ ਨਹੀਂ ਰੱਖਣਾ ਹੈ ਤਾਂ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤਾ ਜਾਵੇ।
ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ (25 ਅਕਤੂਬਰ) ਨੂੰ ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਅਪਮਾਨਜਨਕ ਹੈ। ਉਨ੍ਹਾਂ ਕਿਹਾ ਹੈ ਕਿ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਦੀਆਂ ਦਾਤਾਂ ਅਤੇ ਬਖਸ਼ਿਸ਼ਾਂ ਦੇ ਪਵਿੱਤਰ ਚਿੰਨ੍ਹ ਨੂੰ ਨਿਲਾਮ ਕਰਨਾ ਘੋਰ ਅਪਮਾਨ ਹੈ।
ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ
ਸੁਖਬੀਰ ਸਿੰਘ ਬਾਦਲ ਨੇ ਐਕਸ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ਮੈਨੂੰ ਇਹ ਜਾਣ ਕੇ ਗਹਿਰਾ ਦੁੱਖ ਲੱਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਭੇਂਟ ਕੀਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਮਾਡਲ ਨੂੰ ਸਰਕਾਰ ਬੋਲੀ ਵਿੱਚ ਵੇਚਣ ਜਾ ਰਹੀ ਹੈ।
ਇਹ ਮਾਡਲ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਅਤੇ ਅਸ਼ੀਰਵਾਦ ਦੇ ਪਵਿੱਤਰ ਚਿੰਨ੍ਹ ਵਜੋਂ ਭੇਂਟ ਕੀਤਾ ਗਿਆ ਸੀ ਅਤੇ ਇਸ ਨੂੰ ਨੀਲਾਮ ਕਰਨਾ ਇਸ ਦਾ ਘੋਰ ਨਿਰਾਦਰ ਹੋਏਗਾ ਤੇ ਇਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਸਨਿਮਰ ਬੇਨਤੀ ਕਿ ਇਸ ਨੀਲਾਮੀ ਨੂੰ ਤੁਰੰਤ ਰੋਕਿਆ ਜਾਵੇ। ਜੇਕਰ ਸਰਕਾਰ ਆਪਣੇ ਆਪ ਨੂੰ ਇਸ ਪਾਵਨ ਅਤੇ ਅਣਮੁੱਲੀ ਬਖ਼ਸ਼ਿਸ਼ ਨੂੰ ਸੰਭਾਲਣ ਤੋਂ ਅਸਮਰੱਥ ਮਹਿਸੂਸ ਕਰਦੀ ਹੈ ਤਾਂ ਮੇਰੀ ਬੇਨਤੀ ਹੈ ਕਿ ਇਸ ਪਵਿੱਤਰ ਚਿੰਨ੍ਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਿਸ ਸੌਂਪਣ ਦੀ ਕਿਰਪਾਲਤਾ ਕੀਤੀ ਜਾਵੇ।
ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਨਿਲਾਮੀ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਹੋ ਰਹੀ ਹੈ। ਇਸ ਤੋਂ ਮਿਲਣ ਵਾਲਾ ਪੈਸਾ ਨਮਾਮੀ ਗੰਗੇ ਪ੍ਰੋਜੈਕਟ ਵਿੱਚ ਵਰਤਿਆ ਜਾਂਦਾ ਹੈ। ਇਹ ਪੰਜਵਾਂ ਸਾਲ ਹੈ ਜਦੋਂ ਨਿਲਾਮੀ ਦੀ ਬੋਲੀ ਹੋ ਰਹੀ ਹੈ। ਇਸ ਵਾਰ ਪੀਐਮ ਮੋਦੀ ਨੂੰ ਮਿਲੇ 912 ਤੋਹਫ਼ਿਆਂ ਨੂੰ ਦਿੱਲੀ ਦੀ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਵਿੱਚ ਨਿਲਾਮੀ ਲਈ ਰੱਖਿਆ ਗਿਆ ਹੈ, ਜਿਸ ਵਿੱਚ ਹਰਿਮੰਦਰ ਸਾਹਿਬ ਦੀ ਪ੍ਰਤੀਰੂਪ ਵੀ ਹੈ। ਇਸ 'ਤੇ ਅਕਾਲੀ ਦਲ ਅਤੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਨੇ ਨਾਰਾਜ਼ਗੀ ਪ੍ਰਗਟਾਈ ਹੈ।