ਅਸ਼ਰਫ ਢੁੱਡੀ



ਪਟਿਆਲਾ: ਨਵਜੋਤ ਕੌਰ ਸਿੱਧੂ ਅੱਜ ਪਟਿਆਲਾ ਦੇ ਵਿਧਾਨ ਸਭਾ ਹਲਕਾ ਸਨੋਰ ਪਹੁੰਚੇ ਜਿਥੇ ਉਨ੍ਹਾਂ ਨੇ  ਕਿਹਾ ਕਿ ਪੰਜਾਬ 'ਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ, ਪਰ ਇਹ ਸਰਕਾਰੀ ਕੰਟਰੋਲ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਫੀਮ ਦੀ ਖੇਤੀ ਇਸ ਲਈ ਪੰਜਾਬ ਵਿੱਚ ਰੋਕੀ ਗਈ ਸੀ ਕਿਉਂਕਿ ਪੰਜਾਬ 'ਚ ਸਿੰਥੈਟਿਕ ਡਰੱਗਜ਼ ਨਹੀਂ ਵਿਕ ਪਾ ਰਹੇ ਸੀ ।ਪੰਜਾਬ ਵਿੱਚ ਸਿੰਨਥੈਟਿਕ ਡਰੱਗਜ਼ ਫੈਲਾਉਣ ਲਈ ਅਫੀਮ ਦੀ ਖੇਤੀ ਤੇ ਰੋਕ ਲਈ ਗਈ ਸੀ।


ਉਨ੍ਹਾਂ ਅੱਗੇ ਕਿਹਾ ਕਿ "ਅੱਜ ਪੰਜਾਬ ਵਿੱਚ 10 ਵਿਅਕਤੀਆਂ ਵਿਚੋਂ 7 ਵਿਅਕਤੀ ਡਿਪਰੇਸ਼ਨ ਦਾ ਸ਼ਿਕਾਰ ਹਨ। ਸਿੰਨਥੈਟਿਕ ਡਰੱਗਜ਼ ਦਾ ਧੰਦਾ ਚਲਾਉਣ ਲਈ ਅਫੀਮ ਦੀ ਖੇਤੀ ਬੰਦ ਕਰ ਦਿੱਤੀ ਗਈ ਸੀ।ਅੱਜ ਪੰਜਾਬ ਵਿੱਚ ਨੌਜਵਾਨ ਸਿੰਨਥੈਟਿਕ ਡਰੱਗਜ਼ ਦੇ ਟੀਕੇ ਲਾ ਰਹੇ ਹਨ ਜੋ ਕਿ ਵੱਧ ਖਤਰਨਾਕ ਹਨ।" 


 




ਨਵਜੋਤ ਕੌਰ ਸਿੱਧੂ ਨੇ ਕਿਹਾ ਕਿ "ਮੈਂ ਨਸ਼ਿਆਂ ਨੂੰ ਪਰਮੋਟ ਨਹੀਂ ਕਰ ਰਹੀ, ਪਰ ਜੇਕਰ ਸਰਕਾਰੀ ਕੰਟਰੋਲ ਵਿੱਚ ਅਫੀਮ ਮਿਲਣ ਲੱਗ ਜਾਏਗੀ ਤਾਂ ਕੋਈ ਸਿੰਨਥੈਟਿਕ ਡਰੱਗਜ਼ ਦੇ ਟੀਕੇ ਨਹੀਂ ਲਾਏਗਾ, ਕੋਈ ਮਰੇਗਾ ਨਹੀਂ।ਕੈਨੇਡਾ ਅਤੇ ਅਮਰੀਕਾ ਭਾਰਤ ਤੋਂ ਅਫੀਮ ਮੰਗ ਰਹੇ ਹਨ।ਪੰਜਾਬ ਦਾ ਕਿਸਾਨ ਲੱਖਪਤੀ ਹੋ ਸਕਦਾ ਹੈ, ਜੇ ਉਹ ਅਫੀਮ ਦੀ ਫਸਲ ਕਰਨ ਲੱਗ ਜਾਏਗਾ।ਅੱਜ ਵੀ ਬਾਕੀ ਸੂਬੀਆਂ ਤੋਂ ਅਫੀਮ ਪੰਜਾਬ ਵਿੱਚ ਆ ਹੀ ਰਹੀ ਹੈ।"


ਕਿਸਾਨ ਅੰਦੋਲਨ ਤੇ ਗੱਲ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ "ਇਨ੍ਹਾਂ ਖੇਤੀ ਕਾਨੂੰਨਾ ਨੂੰ ਖ਼ਤਮ ਕਰ ਕੇ ਹੱਲ ਨਹੀਂ ਹੋਣਾ।ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾ ਵਿੱਚੋਂ ਕੱਢ ਕੇ ਕਿਸਾਨ ਨੂੰ ਲੱਖਪਤੀ ਕਿਵੇਂ ਬਣਾਉਣਾ ਹੈ ਉਸਦਾ ਇਲਾਜ ਮੇਰੇ ਕੋਲ ਹੈ, ਤੇ ਉਹ ਅਸੀਂ ਕਰਾਂਗੇ ਵੀ। ਅਸੀਂ ਕਿਸਾਨਾਂ ਕੋਲ ਜਾਵਾਂਗੇ ਅਤੇ ਸਾਡੀ ਗੱਲਬਾਤ NRIs ਨਾਲ ਵੀ ਹੋ ਰਹੀ ਹੈ।"


ਨਵਜੋਤ ਕੌਰ ਸਿੱਧੂ 28 ਅਪਰੈਲ 2021 ਨੂੰ NRIs ਨਾਲ ਕਾਨਫਰੰਸ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ, " ਸਾਨੂੰ ਪੰਜਾਬ ਦੇ ਕਿਸਾਨਾਂ ਨੂੰ ਨਰਕ ਵਿਚੋਂ ਕੱਢਣ ਲਈ ਪੰਜ ਉਦਯੋਗਪਤੀ ਨਹੀਂ ਚਾਹੀਦੇ ਸਗੋਂ 200 ਉਦਯੋਗਪਤੀ ਚਾਹੀਦੇ ਹਨ।" 


ਨਵਜੋਤ ਕੌਰ ਨੇ ਕਿਹਾ, "ਸਿੱਧੂ ਪਰਿਵਾਰ ਪੰਜਾਬ ਲਈ ਹਮੇਸ਼ਾ ਖੜ੍ਹਾ ਹੈ, ਮੈਨੂੰ ਕੁਰਸੀ ਮਿਲੀ, ਪਰ ਮੈਂ ਕੁਰਸੀ ਛੱਡੀ। ਸਾਨੂੰ ਕੁਰਸੀ ਦੀ ਤਾਕਤ ਚਾਹੀਦੀ ਹੈ, ਪਰ ਪੰਜਾਬ ਦੀ ਸੇਵਾ ਕਰਨ ਲਈ।ਸਾਨੂੰ ਮੋਦੀ ਤੋਂ ਐਗਰੀਕਲਚਰ ਯੂਨੀਵਰਸਟੀਆਂ ਚਾਹੀਦੀਆਂ ਹਨ। ਵੈਟਨਰੀ ਯੂਨੀਵਰਸਿਟੀਆਂ ਚਾਹੀਦੀਆਂ ਹਨ। ਕਿਸਾਨਾਂ ਨੂੰ ਦੇਸੀ ਗਾਵਾਂ ਵੱਲ ਲਿਜਾਣਾ ਪਏਗਾ। ਕਿਸਾਨ ਨੂੰ ਆਪਣੀ ਮਿੱਟੀ ਠੀਕ ਕਰਨੀ ਪਏਗੀ।"


 


 




ਉਨ੍ਹਾਂ ਅੱਗੇ ਕਿਹਾ ਕਿ, "ਖੇਤੀ ਕਾਨੂੰਨ ਬਹੁਤ ਵਧੀਆ ਹਨ, ਪਰ ਉਸ ਲੇਵਲ ਤੱਕ ਤਾਂ ਅਸੀਂ ਪਹੁੰਚ ਤਾਂ ਜਾਈਏ ਪਹਿਲਾਂ। ਸਾਨੂੰ 2 ਸਾਲ ਦੀ ਤਿਆਰੀ ਤਾਂ ਪਹਿਲਾਂ ਕਰਵਾ ਦਿਓ ਤਾਂ ਕਿ ਅਸੀਂ ਆਪਣੀ ਗੋਬੀ,ਗਾਜਰ, ਐਵਾਕਾਡੋ ਤੇ ਹੋਰ ਫਸਲਾਂ ਤਿਆਰ ਕਰੀਏ ਅਤੇ ਵੇਚੀਏ।"


ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ,"  ਮੋਦੀ ਨੇ ਕਿਸਾਨਾਂ ਨੂੰ ਮਜਬੂਰ ਕਰਤਾ ਹੈ ਕਿ ਉਹ ਆਪਣੀ ਫਸਲ ਲੈ ਕੇ ਸੜਕ ਤੇ ਖੜ੍ਹੇ ਹੋ ਜਾਣ ਅਤੇ 2 ਦਿਨਾਂ ਬਾਅਦ ਜਦ ਉਨ੍ਹਾਂ ਦੀ ਫਸਲ ਖਰਾਬ ਹੋ ਜਾਏਗੀ ਤਾਂ ਅੰਬਾਨੀ, ਅਡਾਨੀ ਦੀ ਤਿਆਰੀ ਹੈ ਉਹ ਕਿਸਾਨਾਂ ਤੋਂ ਸਮਾਨ ਖਰੀਦ ਲੈਣਗੇ।ਮੋਦੀ ਸਰਕਾਰ ਨੇ 200 ਕਾਰਪੋਰੇਟ ਤਿਆਰ ਕਿਉਂ ਨਹੀਂ ਕੀਤੇ?ਸਰਕਾਰ ਨੇ ਪਿੰਡਾ ਨੂੰ ਆਈਟੀ ਸੈਲ ਨਾਲ ਕਿਉ ਨਹੀਂ ਜੋੜਿਆ? ਕਿਸਾਨ ਨੂੰ ਆਪਣੀ ਫਸਲ ਲ਼ਈ ਮਿੱਟੀ ਦੀ ਕੁਆਲੀਟੀ ਠੀਕ ਕਰਨ ਲਈ ਕਿਉਂ ਨਹੀਂ ਕਿਹਾ, ਵੱਧ ਮੁਨਾਫੇ ਵਾਲੀਆਂ ਫਸਲਾਂ ਪੈਦਾ ਕਰਨ ਲਈ ਸਰਕਾਰ ਨੇ ਕਿਉਂ ਨਹੀਂ ਕਿਹਾ?"


ਨਵਜੋਤ ਕੌਰ ਨੇ ਕਿਹਾ ਕਿ, "ਪੰਜਾਬ ਅੱਜ ਤਕ ਦਾਲਾਂ ਦੂਜੇ ਸੂਬਿਆਂ ਤੋਂ ਲੈ ਰਿਹਾ ਹੈ, ਪਰ ਅਸੀਂ ਝੋਨਾ ਬੀਜ ਰਹੇ ਹਾਂ ਜੋ ਕਿ ਪੰਜਾਬ ਦੇ ਜ਼ਮੀਨੀ ਪਾਣੀ ਨੂੰ ਖ਼ਤਮ ਕਰ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਕਰਨਾ ਕਿਉਂ ਨਹੀਂ ਸਿਖਾਇਆ ਗਿਆ।ਮੋਦੀ ਸਰਕਾਰ ਨੇ ਕਿਸਾਨਾ ਨੂੰ ਇਹ ਵਿਸ਼ਵਾਸ ਕਿਉਂ ਨਹੀਂ ਦਵਾਇਆ ਕਿ ਉਨ੍ਹਾਂ ਦੀ ਫੁੱਲਾਂ ਦੀ ਖੇਤੀ ਦੀ ਵਿਕਰੀ ਹੋਵੇਗੀ।"


ਉਨ੍ਹਾਂ ਸਵਾਲ ਚੁੱਕਦੇ ਹੋਏ ਕਿਹਾ ਕਿ, "ਫਸਲ ਲਈ ਕੋਲਡ ਸਟੋਰ ਕਿਉਂ ਨਹੀਂ ਬਣਾਏ ਗਏ। ਕਿਸਾਨਾਂ ਨੂੰ ਲੋਨ ਕਿਉਂ ਨਹੀਂ ਦਿਤੇ ਗਏ? ਮੋਦੀ ਸਰਕਾਰ ਨੇ ਮੁਦਰਾ ਲੋਨ ਦਿੱਤਾ, ਸਰਕਾਰ ਇਹ ਦੱਸੇ ਕਿ ਪੰਜਾਬ ਦੇ ਕਿੰਨੇ ਨੌਜਵਾਨਾਂ ਨੂੰ ਮੁਦਰਾ ਲੋਨ ਦਿੱਤਾ ਹੈ?  ਮੋਦੀ ਨੇ ਅਡਾਨੀਆਂ ਅਤੇ ਅੰਬਾਨੀਆ ਨੂੰ ਲੋਨ ਮੁਆਫ਼ ਕੀਤੇ ਅਤੇ ਰਾਮ ਦੇਵ ਨੂੰ ਜ਼ਮੀਨਾਂ ਦਿੱਤੀਆਂ।ਪੰਜਾਬ ਦੇ ਨੌਜਵਾਨਾਂ ਨੂੰ ਪੰਜ-ਪੰਜ ਏਕੜ ਜ਼ਮੀਨ ਦੇਵੇ ਪੀਐਮ ਮੋਦੀ, ਤਾਂ ਜੋ ਉਹ ਕੋਲਡ ਸਟੋਰ ਲਗਾ ਸੱਕਣ ਅਤੇ ਆਪਣੀ ਫਸਲ ਨੂੰ ਸਟੋਰ ਕਰ ਸਕਣ।"