ਹੁਸ਼ਿਆਰਪੁਰ: ਪੁਲਿਸ ਨੇ ਬੀਤੇ ਦਿਨੀ ਗੜ੍ਹਦੀਵਾਲ ਵਿੱਚ ਦਿਨ-ਦਿਹਾੜੇ ਹੋਏ ਅੰਨ੍ਹੇ ਕਤਲ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਔਰਤਾਂ ਸਮੇਤ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਤੋਂ ਅਸਲਾ, ਨਸ਼ਾ ਤੇ ਨਕਦੀ ਵੀ ਬਰਾਮਦ ਹੋਈ ਹੈ।
ਜਲੰਧਰ ਰੇਂਜ ਦੇ ਡੀ.ਆਈ.ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਬੀਤੇ ਕੱਲ੍ਹ ਇਸ ਮਾਮਲੇ ਨਾਲ ਸਬੰਧਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਹਰਦੀਪ ਸਿੰਘ ਉਰਫ ਡੱਬੂ ਮੁੱਖ ਮੁਲਜ਼ਮ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲੋਂ ਇੱਕ ਪਿਸਟਲ, 8 ਰੌਂਦ, 380 ਗ੍ਰਾਮ ਨਸ਼ੀਲਾ ਪਦਾਰਥ ਤੇ 60 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਡੀ.ਆਈ.ਜੀ. ਨੇ ਦੱਸਿਆ ਕਿ ਡੱਬੂ ਨੇ ਆਪਣਾ ਜੁਰਮ ਕਬੂਲ ਲਿਆ ਹੈ ਤੇ ਉਸ ਨੇ ਇਹ ਵੀ ਦੱਸਿਆ ਕਿ ਇਹ ਕਤਲ ਕਿਸ ਦੇ ਕਹਿਣ 'ਤੇ ਕੀਤਾ ਗਿਆ। ਪੁਲਿਸ ਮੁਤਾਬਕ ਡੱਬੂ ਨੇ ਦੱਸਿਆ ਕਿ ਕੈਨੇਡਾ ਵਿੱਚ ਰਹਿਣ ਵਾਲੇ ਜੰਗ ਬਹਾਦੁਰ ਤੇ ਦੁਬਈ ਵਿੱਚ ਵੱਸਦੇ ਪ੍ਰਭਜੋਤ ਸਿੰਘ ਗੜ੍ਹਦੀਵਾਲ ਦੇ ਅਮਰੀਕ ਸਿੰਘ ਤੇ ਗੈਂਗਸਟਰ ਕਾਕਾ ਸ਼ਿਕਾਰੀ ਦੀ ਹੱਤਿਆ ਦੇ ਮੁੱਖ ਸਾਜਿਸ਼ਘਾੜੇ ਹਨ।
ਪੁਲਿਸ ਮੁਤਾਬਕ ਉਸ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਵਾਰਦਾਤਾਂ ਵਿੱਚ ਡੱਬੂ ਦੇ ਨਾਲ ਪਰਮਿੰਦਰ ਸਿੰਘ ਉਰਫ ਪ੍ਰਿੰਸ ਤੇ ਨਰੇਸ਼ ਉਰਫ ਲਾਡੀ ਸ਼ਾਮਲ ਸਨ। ਪੁਲਿਸ ਨੇ ਦੋ ਔਰਤਾਂ ਨੂੰ ਵੀ ਮੁਲਜ਼ਮ ਨੂੰ ਸ਼ਰਨ ਦੇਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਡੀ.ਆਈ.ਜੀ. ਸ਼ੁਕਲਾ ਨੇ ਦੱਸਿਆ ਕਿ ਸ਼ਾਜਿਸ਼ਘਾੜਿਆਂ ਨੂੰ ਵਿਦੇਸ਼ ਤੋਂ ਇੱਥੇ ਬੁਲਾ ਕੇ ਜਾਂਚ ਵਿੱਚ ਸ਼ਾਮਲ ਕਰਨ ਲਈ ਚਾਰਾਜੋਈ ਆਰੰਭ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 6 ਦਸੰਬਰ ਨੂੰ ਗੜ੍ਹਦੀਵਾਲ ਵਿੱਚ ਸਵੇਰੇ 8 ਵਜੇ ਘਰੋਂ ਦੁੱਧ ਪਾਉਣ ਸ਼ਹਿਰ ਗਏ ਬਜ਼ੁਰਗ ਅਮਰੀਕ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਉਸੇ ਸਾਬਕਾ ਸਰਪੰਚ ਦਾ ਰਿਸ਼ਤੇਦਾਰ ਸੀ ਜਿਸ ਨੂੰ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ 38 ਦੇ ਗੁਰਦੁਵਾਰੇ ਸਾਹਮਣੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਕਿਹਾ ਕਿ ਸ਼ਹਿਰ ਦੇ ਦੋ ਧੜੇ ਹਨ ਜਿਨ੍ਹਾਂ ਵਿੱਚ ਲੰਮੇ ਸਮੇਂ ਤੋਂ ਟਰੱਕ ਯੂਨੀਅਨ ਦੇ ਵਿਵਾਦਾਂ ਕਾਰਨ ਦੁਸ਼ਮਣੀ ਚਲਦੀ ਆ ਰਹੀ ਹੈ। ਇਹ ਕਤਲ ਦੀਆਂ ਵਾਰਦਾਤਾਂ ਇਸੇ ਦੁਸ਼ਮਣੀ ਦਾ ਨਤੀਜਾ ਹਨ।