ਲੁਧਿਆਣਾ: ਪੁਲਿਸ ਨੇ ਆਪਣੇ 'ਹੁਨਰ' ਨਾਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਮੇਤ ਕਈ ਲੀਡਰਾਂ ਨਾਲ ਹੇਰਾਫੇਰੀ ਕਰਨ ਵਾਲੇ ਆਈ.ਪੀ.ਐਸ. ਅਧਿਕਾਰੀ ਨੂੰ ਕਾਬੂ ਕਰਨ ਦਾ ਦਾਅਵਾ ਹੈ। ਪੁਲਿਸ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਜ਼ਮ ਦੇ ਸ਼ੌਕ ਤੇ ਕਾਰਨਾਮੇ ਸਾਂਝੇ ਕੀਤੇ। ਪੁਲਿਸ ਮੁਤਾਬਕ ਹਾਲੇ ਤਕ ਇਸ ਨਕਲੀ ਆਈ.ਪੀ.ਐਸ. ਅਧਿਕਾਰੀ ਵਿਰੁੱਧ ਚਾਰ ਲੱਖ ਰੁਪਏ ਦੀ ਠੱਗੀ ਦੀ ਸ਼ਿਕਾਇਤ ਵੀ ਪ੍ਰਾਪਤ ਹੋਈ ਹੈ।
ਮੁਲਜ਼ਮ ਰੁਪਿੰਦਰ ਸਿੰਘ ਬੀਤੇ ਡੇਢ ਸਾਲ ਤੋਂ ਆਪਣੇ ਆਪ ਨੂੰ ਯੂ.ਪੀ. ਕਾਡਰ ਦਾ ਆਈ.ਪੀ.ਐਸ. ਅਧਿਕਾਰੀ ਦੱਸਦਾ ਸੀ। ਉਹ ਆਪਣੀ ਚਤੁਰਾਈ ਨਾਲ ਸੁਖਬੀਰ ਬਾਦਲ ਵਰਗੇ ਵੱਡੇ ਸਿਆਸਤਦਾਨਾਂ ਨਾਲ ਤਸਵੀਰਾਂ ਖਿਚਵਾ ਲੈਂਦਾ ਹੈ। ਉਸ ਨੇ ਘਰ ਵਿੱਚ ਕਈ ਵੱਡੇ ਆਗੂਆਂ ਨਾਲ ਵੱਡੀਆਂ-ਵੱਡੀਆਂ ਫ਼ੋਟੋਆਂ ਲਾਈਆਂ ਹੋਈਆਂ ਹਨ।
ਲੁਧਿਆਣਾ ਦੇ ਏ.ਡੀ.ਸੀ.ਪੀ. ਸੁਰੇਂਦਰ ਲਾਂਬਾ ਨੇ ਦੱਸਿਆ ਕਿ ਲੁਧਿਆਣਾ ਅਹੁਦੇ 'ਚ ਛੋਟੇ ਪੁਲਿਸ ਮੁਲਾਜ਼ਮਾਂ 'ਤੇ ਰੋਹਬ ਝਾੜ ਤੇ ਲੋਕਾਂ ਵਿੱਚ ਆਪਣੀ ਠੁੱਕ ਬਣਾਉਣ ਲਈ ਨਾਲ ਵੀ ਲੈ ਜਾਂਦਾ ਸੀ। ਪੁਲਿਸ ਨੇ ਉਸ ਕੋਲੋਂ ਨੀਲੀ ਬੱਤੀ, ਲਾਇਸੰਸੀ ਰਿਵਾਲਵਰ, ਕਈ ਜੋੜੇ ਵਰਦੀ, ਵਰਦੀ 'ਤੇ ਲੱਗਣ ਵਾਲਾ ਸਿਤਾਰੇ ਤੇ ਫੀਤੀਆਂ ਬਰਾਮਦ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਰੁਪਿੰਦਰ ਸਿੰਘ ਕਦੇ ਖ਼ੁਦ ਨੂੰ ਯੂ.ਪੀ. ਕਾਡਰ ਦਾ ਆਈ.ਪੀ.ਐਸ. ਅਧਿਕਾਰੀ ਦੱਸਦਾ ਸੀ ਤੇ ਕਦੇ ਜਲਦ ਹੀ ਆਈ.ਪੀ.ਐਸ. ਅਧਿਕਾਰੀ ਬਣਨ ਦੀ ਅਫਵਾਹ ਫੈਲਾਉਂਦਾ ਰਹਿੰਦਾ ਸੀ। ਪੁਲਿਸ ਉਸ ਦੇ ਮਨਸੂਬਿਆਂ ਦੀ ਜਾਂਚ ਕਰ ਰਹੀ ਹੈ।