50 ਬੰਬ ਆਏ, 18 ਫਟੇ, 32 ਬਚੇ, ਬਾਜਵਾ ਦੇ ਘਰ ਪਹੁੰਚੀ ਪੁਲਿਸ, CM ਮਾਨ ਨੇ ਕਿਹਾ- ਸਰੋਤ ਦੱਸੋ, ਨਹੀਂ ਤਾਂ ਪੁਲਿਸ ਕਰੇਗੀ ਕਾਰਵਾਈ
ਸੀਐਮ ਮਾਨ ਨੇ ਕਿਹਾ ਕਿ ਜੇ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਹੈ ਕਿ ਪੰਜਾਬ ਵਿੱਚ 50 ਬੰਬ ਆ ਗਏ ਹਨ, ਜਿਨ੍ਹਾਂ ਵਿੱਚੋਂ 18 ਫਟ ਚੁੱਕੇ ਹਨ ਅਤੇ 32 ਅਜੇ ਫਟਣੇ ਬਾਕੀ ਹਨ। ਮੁੱਖ ਮੰਤਰੀ ਮਾਨ ਨੇ ਪੁੱਛਿਆ ਹੈ ਕਿ ਬਾਜਵਾ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ? ਕੀ ਉਸਦਾ ਪਾਕਿਸਤਾਨ ਨਾਲ ਕੋਈ ਸਬੰਧ ਹੈ?
Punjab News: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ 50 ਬੰਬ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 18 ਫਟ ਚੁੱਕੇ ਹਨ ਅਤੇ 32 ਅਜੇ ਵੀ ਬਾਕੀ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਵਿੱਚ, ਪੰਜਾਬ ਪੁਲਿਸ ਐਤਵਾਰ ਸਵੇਰੇ ਪੁੱਛਗਿੱਛ ਲਈ ਬਾਜਵਾ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੀ।
ਦੂਜੇ ਪਾਸੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦੇ 50 ਬੰਬ ਵਾਲੇ ਬਿਆਨ ਨੂੰ ਲੈ ਕੇ ਉਨ੍ਹਾਂ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਜੇ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਹੈ ਕਿ ਪੰਜਾਬ ਵਿੱਚ 50 ਬੰਬ ਆ ਗਏ ਹਨ, ਜਿਨ੍ਹਾਂ ਵਿੱਚੋਂ 18 ਫਟ ਚੁੱਕੇ ਹਨ ਅਤੇ 32 ਅਜੇ ਫਟਣੇ ਬਾਕੀ ਹਨ। ਮੁੱਖ ਮੰਤਰੀ ਮਾਨ ਨੇ ਪੁੱਛਿਆ ਹੈ ਕਿ ਬਾਜਵਾ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ? ਕੀ ਉਸਦਾ ਪਾਕਿਸਤਾਨ ਨਾਲ ਕੋਈ ਸਬੰਧ ਹੈ? ਉੱਥੋਂ ਦੇ ਅੱਤਵਾਦੀ ਉਸਨੂੰ ਸਿੱਧੇ ਫ਼ੋਨ ਕਰ ਰਹੇ ਹਨ ਤੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਕਿੰਨੇ ਬੰਬ ਭੇਜੇ ਹਨ। ਇਹ ਜਾਣਕਾਰੀ ਨਾ ਤਾਂ ਖੁਫੀਆ ਏਜੰਸੀ ਕੋਲ ਹੈ ਅਤੇ ਨਾ ਹੀ ਕੇਂਦਰ ਸਰਕਾਰ ਕੋਲ। ਇੰਨੇ ਵੱਡੇ ਕਾਂਗਰਸੀ ਨੇਤਾ ਨੂੰ ਇੰਨੀ ਜਾਣਕਾਰੀ ਕਿੱਥੋਂ ਮਿਲੀ? ਇਹਨਾਂ ਬੰਬਾਂ ਬਾਰੇ ਪੰਜਾਬ ਪੁਲਿਸ ਨੂੰ ਸੂਚਿਤ ਕਰਨਾ ਉਸਦੀ ਜ਼ਿੰਮੇਵਾਰੀ ਸੀ।
ਬਾਜਵਾ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ
ਏਆਈਜੀ ਗਰੇਵਾਲ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਜਾਣਕਾਰੀ ਦੇ ਸਰੋਤ ਦਾ ਪਤਾ ਲਗਾਉਣ ਲਈ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਗਿੱਛ ਕੀਤੀ ਗਈ ਸੀ, ਪਰ ਉਨ੍ਹਾਂ ਨੇ ਸਹਿਯੋਗ ਨਹੀਂ ਕੀਤਾ। ਅਸੀਂ ਉਸਨੂੰ ਬਹੁਤ ਸਪੱਸ਼ਟ ਸਵਾਲ ਪੁੱਛੇ ਕਿ ਉਸਨੂੰ ਇਹ ਜਾਣਕਾਰੀ ਕਿੱਥੋਂ ਮਿਲੀ, ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੁੱਛਗਿੱਛ ਤੋਂ ਬਾਅਦ ਕਿਹਾ ਕਿ ਮੈਂ ਸਾਰੀ ਜਾਣਕਾਰੀ ਟੀਮ ਨੂੰ ਦੱਸ ਦਿੱਤੀ ਹੈ। ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ, ਮੇਰੇ ਕੋਲ ਖੁਫੀਆ ਅਤੇ ਕੇਂਦਰੀ ਏਜੰਸੀਆਂ ਵਿੱਚ ਮੇਰੇ ਸਰੋਤ ਹਨ, ਮੈਂ ਉਨ੍ਹਾਂ ਦਾ ਖੁਲਾਸਾ ਨਹੀਂ ਕਰ ਸਕਦਾ। ਸੀਐਮ ਮਾਨ ਦੇ ਕਾਰਵਾਈ ਸੰਬੰਧੀ ਬਿਆਨ 'ਤੇ ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਮੁੱਖ ਮੰਤਰੀ ਮਾਨ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਸਾਖੀ ਵਾਲੇ ਦਿਨ ਮੁੱਖ ਮੰਤਰੀ ਮੈਨੂੰ ਇਹ ਤੋਹਫ਼ਾ ਦੇ ਰਹੇ ਹਨ ਕਿ ਉਹ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਮੇਰੇ ਘਰ ਭੇਜ ਰਹੇ ਹਨ।






















