ਜਲੰਧਰ: ਫਿਲੌਰ ਦੇ ਪੁੱਲ ਨੇੜਿਓਂ ਜਲੰਧਰ ਪੁਲਿਸ ਨੂੰ ਹਵਾਲਾ ਦੇ ਕਥਿਤ 33 ਲੱਖ ਰੁਪਏ ਬਰਾਮਦ ਹੋਏ ਹਨ। ਭਾਰਤੀ ਕਰੰਸੀ ਤੋਂ ਇਲਾਵਾ 12 ਹਜ਼ਾਰ ਯੂਰੋ ਵੀ ਪੁਲਿਸ ਨੇ ਫੜੇ ਹਨ। ਇਹ ਰਕਮ ਪੁਲਿਸ ਨੂੰ ਪ੍ਰਾਈਵੇਟ ਬੱਸ 'ਚੋਂ ਮਿਲੀ ਜਿਸ ਨੂੰ ਫਗਵਾੜਾ ਦਾ ਰਹਿਣ ਵਾਲਾ ਵਿਅਕਤੀ ਲੈ ਕੇ ਜਾ ਰਿਹਾ ਸੀ।

ਪੁਲਿਸ ਨੇ ਬੱਸ ਨੂੰ ਰੁਟੀਨ ਚੈਕਿੰਗ ਲਈ ਰੋਕਿਆ ਸੀ। ਬੱਸ 'ਚ ਬੈਠੇ ਇਸ ਵਿਅਕਤੀ ਕੋਲ ਬੂਟਾਂ ਦੇ ਡੱਬੇ ਸਨ। ਜਦੋਂ ਤਲਾਸ਼ੀ ਲਈ ਡੱਬੇ ਖੁੱਲ੍ਹਵਾਏ ਗਏ ਤਾਂ ਉਸ 'ਚੋਂ ਵੱਡੀ ਮਾਤਰਾ ਵਿੱਚ ਨਕਦੀ ਨਿਕਲੀ। ਇਸ ਵਿਕਅਤੀ ਨੇ ਆਪਣਾ ਨਾਂ ਸੁਰਿੰਦਰ ਸਿੰਘ ਦੱਸਿਆ ਤੇ ਆਪਣਾ ਪਤਾ ਫਗਵਾੜਾ ਦਾ ਦੱਸਿਆ। ਹਾਲਾਂਕਿ, ਪੈਸਿਆਂ ਬਾਰੇ ਉਹ ਕੁਝ ਸਪੱਸ਼ਟ ਨਹੀਂ ਦੱਸ ਸਕਿਆ।

ਫਿਲੌਰ ਦੇ ਡੀਐਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਤੋਂ 33 ਲੱਖ ਅਤੇ 63 ਹਜ਼ਾਰ ਰੁਪਏ ਭਾਰਤੀ ਮੁਦਰਾ ਤੇ 12,000 ਯੂਰੋ ਬਰਾਮਦ ਕੀਤੇ ਹਨ। ਉਨ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਬੁਲਾ ਕੇ ਇਹ ਪੈਸਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਹੁਣ ਈਡੀ ਇਸ ਦੀ ਜਾਂਚ ਕਰੇਗੀ ਕਿ ਇਹ ਪੈਸੇ ਕਿਸ ਦੇ ਹਨ ਤੇ ਕਿੱਥੇ ਜਾਣੇ ਸਨ।