ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਕਥਿਤ ਧੀ ਹਨੀਪ੍ਰੀਤ ਨੂੰ ਹੋਰ ਤਿੰਨ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਹਨੀਪ੍ਰੀਤ ਦੇ ਨਾਲ ਗ੍ਰਿਫਤਾਰ ਕੀਤੀ ਗਈ ਉਸ ਦੀ ਸਾਥਣ ਸੁਖਦੀਪ ਤੋਂ ਵੀ ਪੁਲਿਸ ਤਿੰਨ ਦਿਨ ਤਕ ਹੋਰ ਪੁੱਛ ਗਿੱਛ ਕਰੇਗੀ।
ਅੱਜ ਅਦਾਲਤ ਨੇ ਪੁਲਿਸ ਦੀ ਹਨੀਪ੍ਰੀਤ ਦੇ ਜਾਂਚ ਵਿੱਚ ਸਹਿਯੋਗ ਨਾ ਦੇਣ ਦੀ ਗੱਲ ਨੂੰ ਸਵੀਕਾਰ ਕਰਦਿਆਂ ਹਨੀਪ੍ਰੀਤ ਤੇ ਉਸ ਦੀ ਸਾਥਣ ਸੁਖਦੀਪ ਦਾ 3 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਹਾਲਾਂਕਿ, ਪੁਲਿਸ ਨੇ ਅਦਾਲਤ ਤੋਂ ਹਨੀਪ੍ਰੀਤ ਦਾ 9 ਦਿਨ ਲਈ ਹੋਰ ਰਿਮਾਂਡ ਮੰਗਿਆ ਸੀ। ਪਰ ਅਦਾਲਤ ਨੇ ਸਿਰਫ਼ 3 ਦਿਨ ਦਾ ਰਿਮਾਂਡ ਹੀ ਮਨਜ਼ੂਰ ਕੀਤਾ ਹੈ।
ਦੱਸ ਦੇਈਏ ਕਿ ਹਨੀਪ੍ਰੀਤ ਤੋਂ ਪੁਲਿਸ 25 ਅਗਸਤ ਨੂੰ ਡੇਰਾ ਮੁਖੀ ਦੀ ਪੇਸ਼ੀ ਵਾਲੇ ਦਿਨ ਹੋਈ ਹਿੰਸਾ ਵਿੱਚ ਉਸ ਦੀ ਭੂਮਿਕਾ ਬਾਰੇ ਪੁੱਛ ਪੜਤਾਲ ਕਰ ਰਹੇ ਹਨ ਅਤੇ ਉਹ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਨੀਪ੍ਰੀਤ ਸਿਰਫ ਰਟੇ-ਰਟਾਏ ਜਵਾਬ ਦੇ ਰਹੀ ਹੈ ਤੇ ਸੱਚ ਨਹੀਂ ਦੱਸ ਰਹੀ।
ਪੁਲਿਸ ਨੇ ਹਨੀਪ੍ਰੀਤ ਦੀ ਸਾਥਣ ਸੁਖਦੀਪ ਤੋਂ ਹਨੀਪ੍ਰੀਤ ਦੇ ਲੁਕਣ ਦੇ ਟਿਕਾਣਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਪਰ ਸ਼ਾਇਦ ਪੁਲਿਸ ਨੂੰ ਇਹ ਲਗਦਾ ਹੈ ਕਿ ਉਸ ਦਾ ਜਾਂਚ ਵਿੱਚ ਹੋਣਾ ਉਨ੍ਹਾਂ ਨੂੰ ਵਧੇਰੇ ਜਾਣਕਾਰੀ ਦੇ ਸਕਦਾ ਹੈ। ਇਸ ਲਈ ਅਦਾਲਤ ਨੇ ਉਸ ਦਾ ਵੀ 3 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ।