ਚੰਡੀਗੜ੍ਹ: ਗੁਰਦਾਸਪੁਰ ਜ਼ਿਮਨੀ ਚੋਣਾਂ ਤੋਂ ਬਾਅਦ ਕੈਪਟਨ ਸਰਕਾਰ 30 ਅਕਤੂਬਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕਰ ਸਕਦੀ ਹੈ। ਇਸ ਰੱਦੋ-ਬਦਲ ਵਿੱਚ ਕਈਆਂ ਮੰਤਰੀਆਂ ਦੇ ਵਿਭਾਗਾਂ ਨੂੰ ਵੀ ਤਬਦੀਲ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਸਾਬਕਾ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਚੋਣ ਵਾਲੇ ਰੋਸੇ ਦੂਰ ਕਰਨ ਲਈ ਉਸ ਦੇ ਪਰਿਵਾਰ ਨੂੰ ਕਿਸੇ ਅਹਿਮ ਸਰਕਾਰੀ ਵਿਭਾਗ ਦੀ ਚੇਅਰਮੈਨੀ ਦਿੱਤੀ ਜਾ ਸਕਦੀ ਹੈ।


ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਵਿਵਾਦਾਂ ਦੀ ਪੰਡ ਬਣੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਸਿੰਜਾਈ ਤੇ ਬਿਜਲੀ ਮੰਤਰੀ ਬਣਨ ਤੋਂ ਬਾਅਦ ਰਾਣਾ ਗੁਰਜੀਤ ਮਾਈਨਿੰਗ ਦੇ ਨਾਲ-ਨਾਲ ਹੋਰ ਕਈ ਵਿਵਾਦਾਂ ਵਿੱਚ ਘਿਰੇ ਰਹੇ ਹਨ। ਇਸ ਦੇ ਨਾਲ ਹੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਮੰਤਰਾਲਾ ਵੀ ਬਦਲਿਆ ਜਾ ਸਕਦਾ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਾਰਜਭਾਰ ਵਧਾਇਆ ਜਾ ਸਕਦਾ ਹੈ। ਇਹ ਚਰਚਾ ਹੈ ਕਿ ਰਾਣਾ ਗੁਰਜੀਤ ਨੂੰ ਸਿਹਤ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਬ੍ਰਹਮ ਮਹਿੰਦਰਾ ਨੂੰ ਬਿਜਲੀ ਮਹਿਕਮੇ ਦੇ ਨਾਲ-ਨਾਲ ਕਿਸੇ ਹੋਰ ਮੰਤਰਾਲਾ ਦੀ ਕਮਾਨ ਦੀ ਸੌਂਪੀ ਜਾ ਸਕਦੀ ਹੈ।

ਮੰਤਰੀ ਮੰਡਲ ਵਿਸਤਾਰ ਵਿੱਚ ਸ਼ਾਮਲ ਹੋਣ ਵਾਲੇ ਅੱਠ ਨਵੇਂ ਚਿਹਰਿਆਂ ਵਿੱਚ ਸੁਖਜਿੰਦਰ ਰੰਧਾਵਾ, ਰਾਜ ਕੁਮਾਰ ਵੇਰਕਾ, ਕਾਕਾ ਰਣਦੀਪ, ਰਾਕੇਸ਼ ਪਾਂਡੇ, ਰਾਜਾ ਵੜਿੰਗ ਦੇ ਨਾਲ-ਨਾਲ ਸਾਬਕਾ ਖਿਡਾਰੀ ਪਰਗਟ ਸਿੰਘ ਦੇ ਨਾਂ ਮੂਹਰਲੀ ਕਤਾਰ ਵਿੱਚ ਹਨ। ਹਾਲਾਂਕਿ, ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮੰਤਰੀ ਮੰਡਲ ਦੇ ਅਜਿਹੇ ਕਿਸੇ ਫੈਲਾਅ ਤੋਂ ਇਨਕਾਰ ਕੀਤਾ ਹੈ।