ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਜਨਤਾ ਦੇ ਪੈਸੇ 'ਤੇ ਐਸ਼ ਕਰਨ ਵਾਲੇ ਸਿਆਸਤਦਾਨਾਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਇਸ ਦੇ ਨਾਲ ਹੀ ਕੈਪਟਨ ਸਰਕਾਰ ਸਾਹਮਣੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਹੈਰਾਨੀ ਦੀ ਗੱਲ ਹੈ ਕਿ ਕੋਰੋਨਾ ਦਾ ਵੱਡਾ ਸੰਕਟ ਹੋਣ ਦੇ ਬਾਵਜੂਦ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਬੀਜੇਪੀ ਦਾ ਕੋਈ ਵੀ ਲੀਡਰ ਇਸ ਬਾਰੇ ਬੋਲਣ ਲਈ ਤਿਆਰ ਨਹੀਂ। ਸਿਆਸੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਅਜਿਹੇ ਸੰਕਟ ਦੇ ਵੇਲੇ ਕੈਪਟਨ ਸਰਕਾਰ ਨੂੰ ਸਖਤ ਕਦਮ ਚੁੱਕਦਿਆਂ ਜਨਤਾ ਦੇ ਪੈਸੇ ਦੀ ਦੁਰਵਰਤੋਂ ਨੂੰ ਰੋਕਣ ਦਾ ਚੰਗਾ ਮੌਕਾ ਹੈ।


ਆਮ ਆਦਮੀ ਪਾਰਟੀ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਸਿਆਸਤਦਾਨ ਕਈ-ਕਈ ਪੈਨਸ਼ਨਾਂ ਲੈ ਰਹੇ ਹਨ। ਅਜਿਹੇ ਸੰਕਟ ਦੇ ਸਮੇਂ ਵਿੱਚ ਸਿਆਸਤਦਾਨਾਂ ਨੂੰ ਖੁਦ ਹੀ ਅੱਗੇ ਆਉਣਾ ਚਾਹੀਦਾ ਹੈ। 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ ਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸਰਕਾਰ ਕਰੋਨਾ ਸੰਕਟ ਦੇ ਚੱਲਦਿਆਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ-ਪੈਨਸ਼ਨਾਂ ’ਚ ਕਟੌਤੀ ਕਰਨ ਬਾਰੇ ਵਿਚਾਰ ਕਰ ਰਹੀ ਹੈ। ਜਦੋਂਕਿ ਕਈ ਸਰਦੇ-ਪੁੱਜਦੇ ਸਿਆਸਤਦਾਨ ਕਈ-ਕਈ ਪੈਨਸ਼ਨਾਂ ਲੈ ਰਹੇ ਹਨ।

ਦਰਅਸਲ ਸਿਆਸਦਾਨਾਂ ਨੂੰ ਇਹ ਛੋਟ ਹੈ ਕਿ ਉਹ ਇੱਕੋ ਸਮੇਂ ਦੋ ਪੈਨਸ਼ਨਾਂ (ਬਤੌਰ ਸਾਬਕਾ ਵਿਧਾਇਕ ਤੇ ਬਤੌਰ ਸੰਸਦ ਮੈਂਬਰ) ਲੈ ਸਕਦੇ ਹਨ। 17ਵੀਂ ਲੋਕ ਸਭਾ ਵਿੱਚ ਦੇਸ਼ ਭਰ ’ਚੋਂ ਮੌਜੂਦਾ ਸਮੇਂ 181 ਸੰਸਦ ਮੈਂਬਰ ਹਨ, ਜੋ ਪਹਿਲਾਂ ਵਿਧਾਇਕ ਵੀ ਰਹਿ ਚੁੱਕੇ ਹਨ। ਉਹ ਐਮਪੀ ਦੀ ਤਨਖਾਹ ਤੇ ਭੱਤੇ ਦੇ ਨਾਲ ਨਾਲ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਵੀ ਲੈ ਰਹੇ ਹਨ। ਪੰਜਾਬ ਦੇ ਅੱਠ ਸੰਸਦ ਮੈਂਬਰ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਲੈ ਰਹੇ ਹਨ। ਤਨਖ਼ਾਹਾਂ ਤੇ ਭੱਤਿਆਂ ਦੀ ਇਨ੍ਹਾਂ ਦੇ ਘਰਾਂ ਵਿਚ ਝੜੀ ਲੱਗੀ ਹੋਈ ਹੈ।

ਪੰਜਾਬੀ ਟ੍ਰਿਬਿਊਨ ਵਿੱਚ ਛਪੀ ਰਿਪੋਰਟ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੌਥੀ ਵਾਰ ਲੋਕ ਸਭਾ ਮੈਂਬਰ ਬਣੇ ਹਨ। ਉਹ ਇੱਕ ਵਾਰ ਰਾਜ ਸਭਾ ਮੈਂਬਰ ਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪ੍ਰਤੀ ਮਹੀਨਾ ਪੌਣੇ ਲੱਖ ਰੁਪਏ ਪੈਨਸ਼ਨ ਮਿਲ ਰਹੀ ਹੈ ਜਦਕਿ ਬਤੌਰ ਐਮਪੀ ਤਨਖਾਹ ਤੇ ਭੱਤੇ ਵੀ ਲੈ ਰਹੇ ਹਨ। ਪ੍ਰਨੀਤ ਕੌਰ ਵੀ ਚੌਥੀ ਵਾਰ ਐਮਪੀ ਬਣੇ ਹਨ ਤੇ ਬਤੌਰ ਸਾਬਕਾ ਵਿਧਾਇਕ 75 ਹਜ਼ਾਰ ਰੁਪਏ ਪੈਨਸ਼ਨ ਵੀ ਲੈ ਰਹੇ ਹਨ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਾਬਕਾ ਵਿਧਾਇਕ ਵਾਲੀ ਪੌਣ ਦੋ ਲੱਖ ਰੁਪਏ ਪੈਨਸ਼ਨ, ਚੌਧਰੀ ਸੰਤੋਖ ਸਿੰਘ ਐਮਪੀ ਵਾਲੀ ਤਨਖਾਹ ਤੇ ਭੱਤਿਆਂ ਤੋਂ ਇਲਾਵਾ ਸਾਬਕਾ ਵਿਧਾਇਕ ਵਜੋਂ ਪੌਣੇ ਦੋ ਲੱਖ ਰੁਪਏ ਪੈਨਸ਼ਨ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ 75 ਹਜ਼ਾਰ ਰੁਪਏ ਪੈਨਸ਼ਨ ਲੈ ਰਹੇ ਹਨ।

ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ ਤੀਜੀ ਦਫ਼ਾ ਰਾਜ ਸਭਾ ਮੈਂਬਰ ਬਣੇ ਹਨ ਜਦੋਂਕਿ ਉਹ ਪੰਜ ਵਾਰ ਵਿਧਾਇਕ ਰਹੇ ਹਨ। ਭੂੰਦੜ ਨੂੰ ਬਤੌਰ ਸਾਬਕਾ ਵਿਧਾਇਕ ਪੌਣੇ ਤਿੰਨ ਲੱਖ ਰੁਪਏ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਸਵਾ ਦੋ ਲੱਖ ਰੁਪਏ ਪੈਨਸ਼ਨ ਮਿਲਦੀ ਹੈ, ਜੋ ਤੀਜੀ ਵਾਰ ਰਾਜ ਸਭਾ ਮੈਂਬਰ ਬਣੇ ਹਨ। ਐਮਪੀ ਸ਼ਮਸ਼ੇਰ ਸਿੰਘ ਦੂਲੋ ਸਵਾ ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। 17ਵੀਂ ਲੋਕ ਸਭਾ ਵਿਚ 22 ਐਮਪੀ ਉਹ ਵੀ ਹਨ, ਜੋ ਪਹਿਲਾਂ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ।

ਪੰਜਾਬ ਦੇ ਇਸ ਵੇਲੇ 268 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲ ਰਹੀ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਪ੍ਰਤੀ ਵਿਅਕਤੀ 3.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ ਤੇ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਤੀ ਮਹੀਨਾ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ 5.25 ਲੱਖ ਦੀ ਪੈਨਸ਼ਨ ਦੇ ਹੱਕਦਾਰ ਬਣ ਚੁੱਕੇ ਹਨ।

ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ-ਪੈਨਸ਼ਨਾਂ ’ਤੇ ਕੱਟ ਲਾਉਣ ਦੀ ਥਾਂ ਬਤੌਰ ਸਾਬਕਾ ਵਿਧਾਇਕ ਜਾਂ ਸੰਸਦ ਮੈਂਬਰ ਕਈ-ਕਈ ਪੈਨਸ਼ਨਾਂ ਲੈ ਰਹੇ ਸਾਰੇ ਸਿਆਸੀ ਆਗੂਆਂ ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਪੱਕੇ ਤੌਰ ’ਤੇ ਬੰਦ ਕਰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜਿੱਥੇ ਵਿਧਵਾਵਾਂ, ਬਜ਼ੁਰਗ ਤੇ ਅਪੰਗ ਪ੍ਰਤੀ ਮਹੀਨਾ 750 ਰੁਪਏ ਪੈਨਸ਼ਨ ਲਈ ਕਈ-ਕਈ ਮਹੀਨੇ ਤਰਸਦੇ ਹੋਣ, ਜਿੱਥੇ ਟੈਟ, ਨੈੱਟ, ਪੀਐੱਚਡੀ, ਐਮਬੀਬੀਐਸ ਤੇ ਇੰਜਨੀਅਰਿੰਗ ਵਰਗੀਆਂ ਉੱਚੀਆਂ ਤੇ ਔਖੀਆਂ ਪੜ੍ਹਾਈਆਂ ਕਰ ਕੇ ਲੱਖਾਂ ਨੌਜਵਾਨਾਂ ਨੂੰ ਗੁਜ਼ਾਰੇ ਜੋਗੀ ਤਨਖ਼ਾਹ ਵੀ ਨਾ ਮਿਲਦੀ ਹੋਵੇ, ਉੱਥੇ ਸਾਬਕਾ ਵਿਧਾਇਕ ਜਾਂ ਸੰਸਦ ਵਜੋਂ ਪ੍ਰਤੀ ਮਹੀਨਾ ਕਈ-ਕਈ ਲੱਖ ਰੁਪਏ ਪੈਨਸ਼ਨਾਂ ਕਿਸੇ ਵੀ ਲਿਹਾਜ਼ ਨਾਲ ਸਹੀ ਨਹੀਂ ਹਨ।