ਯਾਦਵਿੰਦਰ ਸਿੰਘ ਦੀ ਰਿਪੋਰਟ


ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ,

ਆਖੋ ਨੀ ਮੈਨੂੰ ਧੀਦੋ ਰਾਂਝਾ ,ਹੀਰ ਨਾ ਆਖੋ ਕੋਈ।

ਪੰਜਾਬੀ ਦੇ ਵੱਡੇ ਸੂਫੀ ਸ਼ਾਇਰ ਬਾਬਾ ਬੁੱਲ੍ਹੇ ਸ਼ਾਹ ਮਨੁੱਖੀ ਪਿਆਰ ਦੀ ਰੂਹਾਨੀ ਸਾਂਝ "ਸ਼ਬਦ" ਜ਼ਰੀਏ ਹੀਰ-ਰਾਂਝੇ ਨੂੰ ਰੂਪਕ ਦੇ ਤੌਰ 'ਤੇ ਚਿਤਵਦੇ ਹਨ। ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਤਿਮ ਦਿਨਾਂ 'ਚ ਪੰਜਾਬ ਨੂੰ 'ਸ਼ਬਦ ਗੁਰੂ' ਦੇ ਲੜ ਲਾ ਕੇ ਜਾਂਦੇ ਹਨ ਪਰ ਇਹ ਤ੍ਰਾਸਦੀ ਹੈ ਕਿ ਜਿਸ ਧਰਤੀ 'ਤੇ ਬਾਬਾ ਬੁੱਲ੍ਹੇ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਨੇ 'ਸ਼ਬਦ' ਨੂੰ ਮਨੁੱਖੀ ਪਿਆਰ ਦਾ ਮੁਜ਼ੱਸਮਾ ਬਣਾਇਆ, ਉਹ ਧਰਤੀ ਅੱਜ 'ਸ਼ਬਦ' ਤੇ 'ਸੰਵਾਦ' ਤੋਂ ਦੂਰ 'ਹਿੰਸਾ' 'ਚ ਬੁਰੀ ਤਰ੍ਹਾਂ ਡੁੱਬੀ ਹੋਈ ਹੈ। ਦੁਨੀਆਂ ਦੇ ਕਿਸੇ ਖਿੱਤੇ 'ਚ ਸ਼ਬਦ ਨੂੰ "ਗੁਰੂ" ਦਾ ਰਸਮੀ ਦਰਜਾ ਨਹੀਂ ਦਿੱਤਾ ਗਿਆ ਹੋਣਾ ਪਰ ਪੰਜਾਬ ਦੀ ਧਰਤੀ 'ਤੇ ਸ਼ਬਦ ਨੂੰ ਗੁਰੂ ਮੰਨਿਆ ਗਿਆ। ਫੇਰ ਅਜਿਹਾ ਕਿਉਂ ਹੈ ਕਿ ਪੰਜਾਬ ਸਮਾਜਿਕ, ਸਿਆਸੀ ਤੇ ਸੱਭਿਆਚਾਰਕ ਤੌਰ 'ਤੇ 'ਹਿੰਸਾ' 'ਚ ਰੰਗਿਆ ਗਿਆ? ਸਿਆਸਤ ਦੀ ਹਿੰਸਾ ਚੋਣਾਂ 'ਚ ਦਿਖਦੀ ਹੈ ਤੇ ਸੱਭਿਆਚਾਰ ਦੀ ਹਿੰਸਾ ਗਾਣਿਆਂ ਤੋਂ ਲੈ ਕੇ ਫ਼ਿਲਮਾਂ 'ਚ ਹੈ।

ਅੱਜ ਗੱਲ ਪੰਜਾਬ 'ਚ ਚੋਣ ਹਿੰਸਾ ਤੇ ਧੱਕੇਸ਼ਾਹੀਆਂ ਦੇ ਸੰਦਰਭ 'ਚ ਕਰ ਰਹੇ ਹਾਂ। ਨਿਗਮ ਚੋਣਾਂ ਨੂੰ ਲੈ ਪੰਜਾਬ 'ਚ ਥਾਂ-ਥਾਂ ਹਿੰਸਾ ਹੋ ਰਹੀ ਹੈ। ਤਾਜ਼ਾ ਘਟਨਾ 'ਚ ਕੱਲ੍ਹ ਫਿਰੋਜ਼ਪੁਰ ਦੇ ਮੱਲਾਂਵਾਲਾ 'ਚ ਅਕਾਲੀ-ਕਾਂਗਰਸੀ ਬੁਰੀ ਤਰ੍ਹਾਂ ਭਿੜੇ। ਪੱਥਰਬਾਜ਼ੀ ਹੋਈ ਤੇ ਡਾਗਾਂ-ਸੋਟੀਆਂ ਚੱਲੀਆਂ। ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕੈਪਟਨ ਸਰਕਾਰ 'ਤੇ ਹਿੰਸਾ ਤੇ ਧੱਕੇਸ਼ਾਹੀਆਂ ਦੇ ਵੱਡੇ ਇਲਜ਼ਾਮ ਲਾ ਰਹੀ ਹੈ। ਪੰਜਾਬ ਦੇ ਲੋਕ ਸਵਾਲ ਕਰ ਰਹੇ ਹਨ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਸਭ ਨਹੀਂ ਹੁੰਦਾ ਸੀ। ਵਿਰੋਧੀ ਕਹਿੰਦੇ ਹਨ ਕਿ ਇਸ ਤੋਂ ਵੀ ਖ਼ਤਰਨਾਕ ਤਰੀਕੇ ਨਾਲ ਹੁੰਦਾ ਸੀ। ਦਰਅਸਲ ਪੰਜਾਬ 'ਚ ਸਰਕਾਰ ਜਿਸ ਦੀ ਵੀ ਰਹੀ ਹੋਵੇ ਸਥਾਨਕ ਤੇ ਜ਼ਿਮਨੀ ਚੋਣਾਂ 'ਚ ਲੋਕਤੰਤਰ ਦੀ ਥਾਂ 'ਡੰਡਾਤੰਤਰ' ਹੀ ਚੱਲਦਾ ਰਿਹਾ ਹੈ। ਫਰਕ ਬੱਸ ਭੂਮਿਕਾਵਾਂ ਬਦਲਣ ਦਾ ਹੈ। ਜਦੋਂ ਕਾਂਗਰਸੀ ਸੱਤਾ 'ਚ ਹੁੰਦੇ ਹਨ ਤਾਂ ਅਕਾਲੀ ਇਲਜ਼ਾਮ ਲਾਉਂਦੇ ਹਨ ਤੇ ਜਦੋਂ ਅਕਾਲੀ ਸੱਤਾ 'ਚ ਹੁੰਦੇ ਹਨ ਤਾਂ ਕਾਂਗਰਸੀ ਇਲਜ਼ਾਮ ਲਾਉਂਦੇ ਹਨ।

ਸਵਾਲ ਇਹ ਹੈ ਕਿ 'ਹਿੰਸਾ ਦਾ ਇਹ ਚੁਰਾਸੀ ਗੇੜ ਕਦੇ ਖ਼ਤਮ ਹੋਵੇਗਾ ਜਾਂ ਪੰਜਾਬੀ "ਸ਼ਬਦ ਗੁਰੂ" ਦੀ ਵਿਰਾਸਤ ਤੋਂ ਇਵੇਂ ਹੀ ਮੁਨਕਰ ਹੁੰਦੇ ਰਹਿਣਗੇ। 'ਸ਼ਬਦ' ਦਾ ਮਲਤਬ ਸੰਵਾਦ ਵੀ ਹੁੰਦਾ ਹੈ ਤੇ ਅਜਿਹਾ ਕਿਉਂ ਨਹੀਂ ਕਿ ਪੰਜਾਬ ਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਅਮੀਰ ਕਰਨ ਲਈ 'ਹਿੰਸਾ' ਦੀ ਥਾਂ 'ਸੰਵਾਦ' ਨੂੰ ਥਾਂ ਦਿੱਤੀ ਜਾਵੇ। ਸੂਬੇ ਦੀ ਬਿਹਤਰੀ ਲਈ ਸਾਰੀਆਂ ਪਾਰਟੀਆਂ ਆਪਣੇ ਸਿਆਸੀ ਮੱਤਭੇਦ ਰੱਖਦਿਆਂ ਵੀ ਚੋਣ ਪ੍ਰਬੰਧ ਤੇ ਹੋਰ ਅਹਿਮ ਮਸਲਿਆਂ 'ਤੇ ਸਾਂਝੀ ਸਹਿਮਤੀ ਬਣਾਉਣ ਜਿਸ ਨਾਲ ਪੰਜਾਬ ਸਮਾਜਿਕ, ਸਿਆਸੀ ਤੇ ਸੱਭਿਆਚਾਰ ਤੌਰ 'ਤੇ ਦੁਨੀਆ ਦਾ ਰਾਹ ਦਸੇਰਾ ਬਣੇ। ਜਿਨ੍ਹਾਂ ਨੇ ਹੁਣ ਤੱਕ ਦੁਨੀਆ ਨੂੰ ਰਾਹ ਦਿਖਾਇਆ ਹੈ ਉਹ ਵੀ ਇਸੇ ਧਰਤੀ 'ਤੇ ਪੈਦਾ ਹੋਏ ਹਨ ਤੇ ਸਾਡੇ ਕੋਲ ਬੇਹੱਦ ਅਮੀਰ ਇਤਿਹਾਸ ਤੇ ਵਿਰਾਸਤ ਹੈ।

ਪੰਜਾਬ ਨੂੰ 1947 ਤੋਂ 84 ਤੱਕ ਦੀ ਹਿੰਸਾ ਨੇ ਵੱਡੇ ਜ਼ਖਮ ਦਿੱਤੇ ਹਨ ਤੇ ਉਹ ਜ਼ਖ਼ਮ ਅਜੇ ਭਰੇ ਨਹੀਂ ਹੈ। ਨਿੱਕੀਆਂ-ਨਿੱਕੀਆਂ ਸੂਖ਼ਮ ਹਿੰਸਾਵਾਂ ਦਾ ਦੌਰ ਜਾਰੀ ਹੈ ਤੇ ਇਹ ਹਿੰਸਾ ਲੜੀ ਟੁੱਟਣ ਦਾ ਨਾਂ ਨਹੀਂ ਲੈਂਦੀ। ਦੁਨੀਆ ਦੀਆਂ ਜਿਹੜੀਆਂ ਕੌਮਾਂ ਨੇ ਸਿਆਸੀ, ਸਮਾਜਿਕ, ਸੱਭਿਆਚਾਰ ਤੇ ਅਧਿਆਤਮਕ ਤਰੱਕੀ ਕੀਤੀ ਹੈ, ਉਹ ਹਿੰਸਾ ਦੇ ਗੇੜ ਤੋਂ ਹਮੇਸ਼ਾਂ ਬਾਹਰ ਨਿਕਲਦੀਆਂ ਰਹੀਆਂ ਹਨ। ਹਰ ਤਰ੍ਹਾਂ ਦੀ ਹਿੰਸਾ ਕਦੇ ਮਨੁੱਖ ਨੂੰ ਸਹਿਜ ਨਹੀਂ ਰਹਿਣ ਦਿੰਦੀ ਤੇ ਅਸਹਿਜ ਮਨੁੱਖ ਨਾ ਕੁਝ ਨਵਾਂ ਸੋਚ ਸਕਦਾ ਹੈ ਤੇ ਨਾ ਕੁਝ ਨਵਾਂ ਬਣਾ ਸਕਦਾ ਹੈ। ਇਸੇ ਪੰਜਾਬ ਦੇ ਚੋਣ ਹਿੰਸਾ ਤੋਂ ਲੈ ਕੇ ਕਈ ਤਰ੍ਹਾਂ ਦੀ ਹਿੰਸਾ ਤੋਂ ਮੁਕਤੀ ਦੀ ਜ਼ਰੂਰਤ ਹੈ।