ਪੰਜਾਬ 'ਚ ਮੁੜ ਬਿਜਲੀ ਸੰਕਟ! ਸਰਕਾਰੀ ਥਰਮਲ ਪਲਾਂਟ ਠੱਪ, ਪ੍ਰਾਈਵੇਟ ਵੀ ਹੋ ਸਕਦੇ ਬੰਦ
ਐਤਵਾਰ ਨੂੰ ਲਹਿਰਾ ਮੁਹੱਬਤ ਵਿੱਚ ਸਿਰਫ 4,095 ਮੀਟ੍ਰਿਕ ਟਨ ਤੇ ਤਲਵੰਡੀ ਸਾਬੋ ਪਲਾਂਟ ਵਿੱਚ 3,759 ਮੀਟਰਕ ਟਨ ਕੋਲਾ ਸਪਲਾਈ ਕੀਤਾ ਗਿਆ ਸੀ।
ਚੰਡੀਗੜ੍ਹ: ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਐਤਵਾਰ ਨੂੰ ਵੀ ਕੋਲੇ ਦਾ ਸੰਕਟ ਜਾਰੀ ਰਿਹਾ। ਕੋਲੇ ਦਾ ਕੁਝ ਭੰਡਾਰ ਸਿਰਫ ਦੋ ਪਲਾਂਟਾਂ ਤੱਕ ਪਹੁੰਚਿਆ, ਜਿਸ ਕਾਰਨ ਸਰਕਾਰੀ ਥਰਮਲ ਪਲਾਂਟ ਐਤਵਾਰ ਨੂੰ ਵੀ ਬੰਦ ਰਹੇ। ਦੱਸਿਆ ਜਾ ਰਿਹਾ ਹੈ ਕਿ ਪਲਾਂਟਾਂ ਵਿੱਚ ਕੋਲੇ ਦੀ ਸਪਲਾਈ ਇੱਕ ਹਫ਼ਤੇ ਲਈ ਹੋਰ ਪ੍ਰਭਾਵਿਤ ਹੋਵੇਗੀ। ਅਜਿਹੀ ਸਥਿਤੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਪ੍ਰਾਈਵੇਟ ਥਰਮਲ ਪਲਾਂਟ ਵੀ ਬੰਦ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸ ਨਾਲ ਸੂਬੇ ਵਿੱਚ ਇੱਕ ਵਾਰ ਫਿਰ ਬਿਜਲੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ।
ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਇਸ ਵੇਲੇ ਕੋਲੇ ਦਾ ਭੰਡਾਰ ਸਿਰਫ ਦੋ ਦਿਨਾਂ ਤੋਂ ਲੈ ਕੇ 10 ਦਿਨਾਂ ਤੱਕ ਹੈ। ਇਨ੍ਹਾਂ ਵਿੱਚੋਂ ਐਤਵਾਰ ਨੂੰ ਸਰਕਾਰੀ ਰੋਪੜ ਥਰਮਲ ਪਲਾਂਟ ਵਿੱਚ ਅੱਠ ਦਿਨ, ਲਹਿਰਾ ਮੁਹੱਬਤ ਵਿੱਚ ਪੰਜ, ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਵਿੱਚ 8, ਰਾਜਪੁਰਾ ਵਿੱਚ 10 ਤੇ ਗੋਇੰਦਵਾਲ ਸਾਹਿਬ ਵਿੱਚ ਸਿਰਫ ਦੋ ਦਿਨਾਂ ਦਾ ਕੋਲ਼ਾ ਬਚਿਆ ਹੈ। ਜਦੋਂਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਲਈ 25 ਤੋਂ 30 ਦਿਨਾਂ ਦਾ ਕੋਲਾ ਭੰਡਾਰ ਹੋਣਾ ਚਾਹੀਦਾ ਹੈ।
ਐਤਵਾਰ ਨੂੰ ਲਹਿਰਾ ਮੁਹੱਬਤ ਵਿੱਚ ਸਿਰਫ 4,095 ਮੀਟ੍ਰਿਕ ਟਨ ਤੇ ਤਲਵੰਡੀ ਸਾਬੋ ਪਲਾਂਟ ਵਿੱਚ 3,759 ਮੀਟਰਕ ਟਨ ਕੋਲਾ ਸਪਲਾਈ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਛੱਤੀਸਗੜ੍ਹ ਤੇ ਝਾਰਖੰਡ ਤੋਂ ਕੋਲੇ ਦੀ ਸਪਲਾਈ ਹੁਣ ਇੱਕ ਹਫ਼ਤੇ ਲਈ ਪ੍ਰਭਾਵਿਤ ਹੋਵੇਗੀ। ਇਸ ਸਥਿਤੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਪ੍ਰਾਈਵੇਟ ਥਰਮਲ ਪਲਾਂਟ ਬੰਦ ਹੋਣ ਦੀ ਸੰਭਾਵਨਾ ਹੈ।
ਐਤਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ ਕਰੀਬ 10,500 ਮੈਗਾਵਾਟ ਦਰਜ ਕੀਤੀ ਗਈ ਸੀ। ਜਦੋਂਕਿ ਇਸ ਦੇ ਮੁਕਾਬਲੇ ਪੰਜਾਬ ਕੋਲ ਉਪਲਬਧਤਾ ਸਿਰਫ 3,723 ਮੈਗਾਵਾਟ ਸੀ, ਜਿਸ ਵਿੱਚੋਂ ਹਾਈਡਲ (ਪਣ ਬਿਜਲੀ) ਤੋਂ 661 ਮੈਗਾਵਾਟ ਤੇ ਪ੍ਰਾਈਵੇਟ ਤੋਂ 3723 ਮੈਗਾਵਾਟ ਦੀ ਸਪਲਾਈ ਹੈ। ਸਪਲਾਈ ਦੀ ਕਮੀ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ 6,500 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਬਾਹਰੋਂ ਮੰਗਵਾਈ ਹੈ। ਪਾਵਰਕੌਮ ਨੇ ਬਾਹਰੋਂ ਲਗਭਗ 4 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਹੈ।