ਚੰਡੀਗੜ੍ਹ: ਪੰਜਾਬ 'ਚ ਤਿੰਨ ਪਾਵਰ ਪਲਾਂਟ ਬੰਦ ਹੋਣ ਤੋਂ ਮਗਰੋਂ ਕਰੀਬ ਦੋ-ਤਿੰਨ ਘੰਟੇ ਬਿਜਲੀ ਠੱਪ ਰਹਿਣ ਦੇ ਆਸਾਰ ਹਨ। ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਰੇਲ ਪਟੜੀਆਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚੱਲਦਿਆਂ ਰੇਲਵੇ ਨੇ ਮਾਲਗੱਡੀਆਂ ਦੀ ਆਵਾਜਾਈ ਵੀ ਰੋਕ ਰੱਖੀ ਹੈ। ਇਸ ਕਾਰਨ ਪਾਵਰ ਪਲਾਂਟਾਂ 'ਚ ਕੋਲੇ ਦੀ ਕਮੀ ਹੋਣ ਕਾਰਨ ਬਿਜਲੀ ਸੰਕਟ ਗਹਿਰਾ ਰਿਹਾ ਹੈ।


ਮੁਸ਼ਕਿਲ ਹਾਲਾਤ ਦੇ ਮੱਦੇਨਜ਼ਰ ਪੀਐਸਪੀਸੀਐਲ ਦੇ ਮੁਖੀ ਏ ਵੇਣੂ ਪ੍ਰਸਾਦ ਨੇ ਕਿਹਾ ਅੱਜ ਅਸੀਂ ਦੋ ਤੋਂ ਤਿੰਨ ਘੰਟੇ ਬਿਜਲੀ ਕਟੌਤੀ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਬਿਜੀਲ ਕਟੌਤੀ ਵਧਾਕੇ 4-5 ਘੰਟੇ ਵੀ ਕੀਤੀ ਜਾ ਸਕਦੀ ਹੈ। ਹਾਲਾਤ ਕਾਫੀ ਨਾਜ਼ੁਕ ਹਨ। ਇਕ ਅਧਿਕਾਰਤ ਬੁਲਾਰੇ ਨੇ ਕਿਹਾ ਦਿਨ ਦੇ ਸਮੇਂ ਬਿਜਲੀ ਦੀ ਪੂਰਤੀ 'ਚ ਭਾਰੀ ਕਮੀ ਦੇ ਚੱਲਦਿਆਂ ਵਿਭਾਗ ਕੋਲ ਮੰਗਲਵਾਰ ਸ਼ਾਮ ਤੋਂ ਰਿਹਾਇਸ਼ੀ, ਕਮਰਸ਼ੀਅਲ ਤੇ ਖੇਤੀ ਉਪਭੋਗਤਾਵਾਂ ਦੀ ਸ਼੍ਰੇਣੀ 'ਚ ਬਿਜਲੀ ਕਟੌਤੀ ਕੀਤੇ ਜਾਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।


ਉਨ੍ਹਾਂ ਦੱਸਿਆ ਮੌਜੂਦਾ ਸਮੇਂ ਸੂਬੇ 'ਚ ਦਿਨ ਦੇ ਸਮੇਂ ਬਿਜਲੀ ਦੀ ਮੰਗ ਕਰੀਬ 5100-5200 ਮੈਗਾਵਾਟ ਹੈ। ਜਦਕਿ ਰਾਤ ਸਮੇਂ ਮੰਗ ਕਰੀਬ 3400 ਮੈਗਾਵਾਟ ਹੈ। ਅਧਿਕਾਰੀ ਨੇ ਕਿਹਾ ਦੂਜੇ ਪਾਸੇ ਬਿਜਲੀ ਦੀ ਕਮੀ ਦੇ ਚੱਲਦਿਆਂ ਸਿਰਫ ਖੇਤੀ ਸੈਕਟਰ ਦੇ ਫੀਡਰਾਂ ਨੂੰ ਦਿਨ ਦੇ ਸਮੇਂ ਰੋਜ਼ਾਨਾ ਚਾਰ-ਪੰਜ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਜੋ ਕਰੀਬ 800 ਮੈਗਵਾਟ ਹੈ।


ਦਰਅਸਲ ਕੋਲੇ ਦੀ ਕਮੀ ਕਾਰਨ ਨਿੱਜੀ ਜੀਵੀਕੇ ਪਲਾਂਟ ਵੀ ਬੰਦ ਹੋ ਗਿਆ ਹੈ। ਦੋ ਹੋਰ ਪਾਵਰ ਪਲਾਂਟ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਤੇ ਮਾਨਸਾ ਸਥਿਤ ਤਲਵੰਡੀ ਸਾਬੋ ਨੇ ਕੋਲੇ ਦੀ ਕਮੀ ਕਾਰਨ ਪਹਿਲਾਂ ਹੀ ਸੰਚਾਲਨ ਬੰਦ ਕਰ ਦਿੱਤਾ ਸੀ।


ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਚਲਾਏ ਜਾਣ ਵਾਲੇ ਦੋ ਪਾਵਰ ਪਲਾਂਟ ਲਹਿਰਾ ਮੁਹੱਬਤ ਤੇ ਰੋਪੜ ਪਾਵਰ ਪਲਾਂਟ ਕੋਲ ਵੀ ਇਕ ਜਾਂ ਦੋ ਦਿਨ ਦਾ ਕੋਲਾ ਬਚਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਕੋਲੇ ਦੀ ਕਮੀ ਦੇ ਚੱਲਦਿਆਂ ਸ਼ੂਬੇ 'ਚ ਜ਼ਮੀਨੀ ਹਾਲਾਤ ਕਾਫੀ ਮੁਸ਼ਕਿਲ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ