Punjab Election 2022: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਚੜਿਆ ਸਿਆਸੀ ਪਾਰਾ, ਪ੍ਰਸ਼ਾਂਤ ਕਿਸ਼ੋਰ ਨੇ ਕੀਤੀ ਪਹਿਲੀ ਵਾਰ ਵਿਧਾਇਕ ਬਣੇ ਕਾਂਗਰਸੀਆਂ ਨਾਲ ਮੁਲਾਕਾਤ
ਪੰਜਾਬ ਵਿਧਾਨ ਸਭਾ 'ਚ ਕਾਂਗਰਸ ਦੇ 80 ਵਿਧਾਇਕਾਂ ਵਿੱਚੋਂ 37 ਅਜਿਹੇ ਵਿਧਾਇਕ ਹਨ ਜੋ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ। ਹੁਣ ਪ੍ਰਸ਼ਾਂਤ ਕਿਸ਼ੋਰ ਨੇ ਦੋ-ਤਿੰਨ ਵਿਧਾਇਕਾਂ ਦੇ ਗਰੁੱਪ ਨਾਲ ਮੁਲਾਕਾਤ ਕੀਤੀ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਰਾਜ ਕਰਦਿਆਂ ਚਾਰ ਸਾਲ ਪੂਰੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸੂਬੇ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਇਸ ਕਰਕੇ ਹੁਣ ਸੂਬੇ 'ਚ ਹਰ ਰਾਜਨੀਤਕ ਪਾਰਟੀ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੁਣ ਤੋਂ ਹੀ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ। ਕੁਝ ਅਜਿਹਾ ਹੀ ਆਲਮ ਸੱਤਾਧਾਰੀ ਪਾਰਟੀ ਕਾਂਗਰਸ ਦਾ ਵੀ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਚਾਰ ਸਾਲ ਪੂਰੇ ਹੋਣ 'ਤੇ ਮੀਡੀਆ ਨਾਲ ਰੂ-ਬ-ਰੂ ਹੋ ਕੇ ਆਪਣੀ ਪਾਰਟੀ ਦੀ ਰਿਪੋਰਟ ਕਾਰਡ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਹੁਣ ਕੈਪਟਨ ਦੇ ਨਵੇਂ ਨਿਯੁਕਤ ਕੀਤੇ ਮੁੱਖ ਸਲਾਹਕਾਰ ਪ੍ਰਸ਼ਾਤ ਕਿਸ਼ੋਰ ਨੇ ਕਾਂਗਰਸ ਦੇ ਉਨ੍ਹਾਂ ਵਿਧਾਇਕਾਂ ਨਾਲ ਖਾਸ ਮੁਲਾਕਾਤ ਕੀਤੀ ਹੈ ਜੋ ਪਹਿਲੀ ਵਾਰ ਵਿਧਾਇਕ ਬਣੇ ਹਨ। ਪ੍ਰਸ਼ਾਂਤ ਦੀ ਇਸ ਮੁਤਾਕਾਤ ਨੂੰ ਆਗਾਮੀ ਚੋਣਾਂ ਦੇ ਮੱਦੇਨਜ਼ਰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ 'ਚ ਕਾਂਗਰਸ ਦੇ 80 ਵਿਧਾਇਕਾਂ ਵਿੱਚੋਂ 37 ਅਜਿਹੇ ਵਿਧਾਇਕ ਹਨ ਜੋ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ। ਹੁਣ ਪ੍ਰਸ਼ਾਂਤ ਕਿਸ਼ੋਰ ਨੇ ਦੋ-ਤਿੰਨ ਵਿਧਾਇਕਾਂ ਦੇ ਗਰੁੱਪ ਨਾਲ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਦੇ ਗਿੱਲ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਕੁਲਦੀਪ ਵੈਧ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਉਨ੍ਹਾਂ ਨਾਲ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਵਿਧਾਨ ਸਭਾ ਖੇਤਰ ਵਿੱਚ ਕਿਹੜੇ ਵਿਕਾਸ ਕਾਰਜ ਬਾਕੀ ਹਨ।
ਉਨ੍ਹਾਂ ਅੱਗੇ ਕਿਹਾ ਕਿ ਚੋਣ ਰਣਨੀਤੀਕਾਰ ਦਾ ਇਸ ਤਰ੍ਹਾਂ ਅਜਿਹੇ ਵਿਧਾਇਕਾਂ ਨੂੰ ਮਿਲਣ ਵਿੱਚ ਕੋਈ ਨੁਕਸਾਨ ਨਹੀਂ ਤੇ ਪ੍ਰਸ਼ਾਂਤ ਕਿਸ਼ੋਰ ਸਿਰਫ ਉਨ੍ਹਾਂ ਦੀ ਮਦਦ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਚੋਣਾਂ ਦੀ ਰਣਨੀਤੀ ਬਣਾਉਣ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵਿਧਾਇਕ ਆਪਣੀ ਸਰਕਾਰ ਬਾਰੇ ਕੀ ਸੋਚਦੇ ਹਨ ਤੇ ਉਹ ਅਗਾਮੀ ਚੋਣਾਂ ਲਈ ਕਿੰਨੇ ਕੁ ਤਿਆਰ ਹਨ।
ਇਹ ਵੀ ਪੜ੍ਹੋ: ਇੱਕ ਵਾਰ ਫਿਰ 'ਪਲਾਜ਼ੋ' ਪਾ ਨਿਕਲੀ ਹਿਮਾਂਸ਼ੀ, ਤਾਂ ਹੋਇਆ ਇਹ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904