Bikram Majithia: ਹੁਣ ਹੋਰ ਕਸੂਤੇ ਫਸਣਗੇ ਮਜੀਠੀਆ ! ਪੁਲਿਸ ਨੂੰ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਤਿਆਰੀ, ਜਾਣੋ ਇਹ ਕਿੰਨਾ ਖ਼ਤਰਨਾਕ ?
ਵਿਜੀਲੈਂਸ ਟੀਮ ਦੀ ਸ਼ਿਕਾਇਤ ਮੁਤਾਬਕ ਮਜੀਠੀਆ ਦੇ ਸਮਰਥਕਾਂ ਨੂੰ ਵਿਜੀਲੈਂਸ ਟੀਮ ਵੱਲੋਂ ਕੀਤੀ ਜਾਂਚ ਵਿਚ ਅੜਿੱਕਾ ਪਾਉਣ ਲਈ ਉਕਸਾਇਆ ਗਿਆ ਅਤੇ ਟੀਮ ’ਤੇ ਹਮਲਾ ਇਸ ਲਈ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਮਹੱਤਵਪੂਰਨ ਸਬੂਤ ਇਕੱਠੇ ਕਰਨ ਤੋਂ ਰੋਕਿਆ ਜਾ ਸਕੇ।

Punjab News: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਵਧਦੀਆਂ ਜਾਪਦੀਆਂ ਹਨ, ਕਿਉਂਕਿ ਪੁਲਿਸ ਨੇ ਅਕਾਲੀ ਆਗੂ ਖਿਲਾਫ਼ ਇੱਕ ਹੋਰ ਐੱਫਆਈਆਰ ਦਰਜ ਕਰਨ ਦੀ ਤਿਆਰੀ ਖਿੱਚ ਲਈ ਹੈ। ਮਜੀਠੀਆ ਦੇ ਘਰ ’ਤੇ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਕਥਿਤ ਤੌਰ ’ਤੇ ਪੁਲਿਸ ਵਿਰੁੱਧ ਹਿੰਸਾ ਭੜਕਾਈ, ਜਿਸ ਕਾਰਨ ਕਈ ਗੰਭੀਰ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਮਜੀਠੀਆ ਨੂੰ ਪਹਿਲਾਂ ਹੀ ਡਰੱਗ ਮਨੀ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਜਾਂਚ ਟੀਮ ਨੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਅਧਿਕਾਰੀਆਂ ਨੂੰ ਧਮਕੀਆਂ ਦੇਣ, ਧੱਕਾ-ਮੁੱਕੀ ਕਰਨ, ਸਬੂਤ ਨਸ਼ਟ ਕਰਨ ਦੀ ਸਾਜ਼ਿਸ਼ ਰਚਣ ਤੇ ਸਮਰਥਕਾਂ ਨੂੰ ਹਮਲਾ ਕਰਨ ਲਈ ਭੜਕਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਹੈ। ਵਿਜੀਲੈਂਸ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਮਜੀਠੀਆ ਦੇ ਘਰ ’ਤੇ ਕੇਸ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਮੌਜੂਦ ਹਨ।
ਵਿਜੀਲੈਂਸ ਟੀਮ ਦੀ ਸ਼ਿਕਾਇਤ ਮੁਤਾਬਕ ਮਜੀਠੀਆ ਦੇ ਸਮਰਥਕਾਂ ਨੂੰ ਵਿਜੀਲੈਂਸ ਟੀਮ ਵੱਲੋਂ ਕੀਤੀ ਜਾਂਚ ਵਿਚ ਅੜਿੱਕਾ ਪਾਉਣ ਲਈ ਉਕਸਾਇਆ ਗਿਆ ਅਤੇ ਟੀਮ ’ਤੇ ਹਮਲਾ ਇਸ ਲਈ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਮਹੱਤਵਪੂਰਨ ਸਬੂਤ ਇਕੱਠੇ ਕਰਨ ਤੋਂ ਰੋਕਿਆ ਜਾ ਸਕੇ। ਦੱਸਿਆ ਜਾਂਦਾ ਹੈ ਕਿ ਮਜੀਠੀਆ ਦੀ ਇਸੇ ਰਿਹਾਇਸ਼ ’ਤੇ ਕੌਮਾਂਤਰੀ ਨਸ਼ਾ ਤਸਕਰ ਠਹਿਰਦੇ ਸਨ, ਜਿੱਥੇ ਮਜੀਠੀਆ ਦੇ ਸਮਰਥਕਾਂ ਨੇ ਵਿਜੀਲੈਂਸ ਟੀਮ ਦੀ ਜਾਂਚ ਵਿੱਚ ਅੜਿੱਕਾ ਪਾਇਆ ਸੀ।
7 ਦਿਨਾਂ ਦਾ ਮਿਲਿਆ ਰਿਮਾਂਡ
ਪੰਜਾਬ ਵਿਜੀਲੈਂਸ ਨੂੰ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕਰਨ ਲਈ 7 ਦਿਨਾਂ ਦਾ ਰਿਮਾਂਡ ਮਿਲ ਗਿਆ ਹੈ। ਵਿਜੀਲੈਂਸ ਨੇ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਮਜੀਠੀਆ ਦਾ 7 ਦਿਨਾਂ ਦਾ ਰਿਮਾਂਡ ਦੇ ਦਿੱਤਾ। ਵਿਜੀਲੈਂਸ ਨੇ ਲੰਘੇ ਕੱਲ੍ਹ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ।
ਅਦਾਲਤ ਵਿੱਚ ਵਿਜੀਲੈਂਸ ਨੇ 12 ਦਿਨਾਂ ਦੇ ਰਿਮਾਂਡ ਦੀ ਮੰਗ ਕਰਦੇ ਹੋਏ ਕਾਫ਼ੀ ਸਮਾਂ ਬਹਿਸ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਵਿਜੀਲੈਂਸ ਨੂੰ 7 ਦਿਨ ਦਾ ਰਿਮਾਂਡ ਦੇ ਦਿੱਤਾ। ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ। ਮਜੀਠੀਆ ਨੂੰ ਅੱਜ ਸਖ਼ਤ ਸੁਰੱਖਿਆ ਹੇਠ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਜੀਠੀਆ ਦੇ ਸਮਰਥਕ ਵੀ ਇੱਥੇ ਪਹੁੰਚੇ ਸਨ, ਪਰ ਪੁਲਿਸ ਨੇ ਸੁਰੱਖਿਆ ਦੇ ਨਜ਼ਰੀਏ ਤੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੇ ਨਾਲ ਹੀ ਅਕਾਲੀ ਆਗੂ ਦਲਜੀਤ ਚੀਮਾ ਨੂੰ ਵੀ ਅਦਾਲਤ ਤੋਂ ਬਾਹਰ ਨਹੀਂ ਰਹਿਣ ਦਿੱਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ।






















