ਪ੍ਰੋਡਿਊਸਰ ਦੀ ਕੁੱਟਮਾਰ ਦਾ ਮਾਮਲਾ: ਨਿਹੰਗ ਸਿੰਘਾਂ ਤੇ ਪਰਚਾ ਦਰਜ, ਫਿਰੌਤੀ ਮੰਗਣ ਦੇ ਵੀ ਇਲਜ਼ਾਮ
ਥਾਣਾ ਧਨੌਲਾ ਦੀ ਪੁਲਿਸ ਵਲੋਂ ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲੇ ਨਿਹੰਗਾਂ ਤੇ ਪਰਚਾ ਦਰਜ ਕਰ ਲਿਆ ਹੈ।
ਬਰਨਾਲਾ: ਪ੍ਰੋਡਿਊਸਰ ਡੀਐਕਸਐਕਸ ਦੀ ਬੀਤੀ ਦਿਨੀਂ ਨਿਹੰਗਾਂ ਵਲੋਂ ਕੁੱਟਮਾਰ ਕਰ ਦਿੱਤੀ ਗਈ ਸੀ। ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਇਹ ਮਾਮਲਾ ਅੱਜ ਹੋਰ ਗਰਮਾ ਗਿਆ। ਇਸ ਮਾਮਲੇ ਨੂੰ ਲੈ ਕੇ ਪ੍ਰੋਡਿਊਸਰ ਵੱਲੋਂ ਨਿਹੰਗਾਂ ਤੇ ਪੈਸੇ ਮੰਗਣ ਦੇ ਦੋਸ਼ ਲਗਾਏ ਗਏ ਹਨ।
ਥਾਣਾ ਧਨੌਲਾ ਦੀ ਪੁਲਿਸ ਵਲੋਂ ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲੇ ਨਿਹੰਗਾਂ ਤੇ ਪਰਚਾ ਦਰਜ ਕਰ ਲਿਆ ਹੈ। ਅੱਜ ਥਾਣਾ ਧਨੌਲਾ ਵਿਖੇ ਪ੍ਰੋਡਿਊਸਰ ਦੇ ਪਿੰਡ ਵਾਸੀ ਉਸਦੇ ਹੱਕ ਵਿੱਚ ਇਕੱਠੇ ਹੋਏ, ਉਥੇ ਨਿਹੰਗਾਂ ਦੇ ਹਮਾਇਤੀ ਵੀ ਥਾਣੇ 'ਚ ਵੱਡੀ ਗਿਣਤੀ ਵਿੱਚ ਪਹੁੰਚ ਗਏ।
ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਪੀੜਤ ਪ੍ਰੋਡਿਊਸਰ ਹਰਿੰਦਰ ਸਿੰਘ ਨੇ ਕਿਹਾ ਕਿ ਉਸਦੀ ਕੁੱਟਮਾਰ ਕਰਨ ਵਾਲੇ ਨਿਹੰਗਾਂ ਵਲੋਂ ਉਸ ਤੋਂ ਕੁੱਝ ਸਮਾਂ ਪਹਿਲਾਂ ਪੈਸੇ ਮੰਗੇ ਸਨ ਅਤੇ ਉਸਨੇ 90 ਹਜ਼ਾਰ ਰੁਪਏ ਵੀ ਦਿੱਤੇ ਸਨ। ਹੁਣ ਮੁੜ ਉਹ ਪ੍ਰੋਡਿਊਸਰ ਤੋਂ ਪੈਸੇ ਦੀ ਮੰਗ ਕਰ ਰਹੇ ਸਨ ਅਤੇ ਉਸਨੇ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ ਸੀ। ਜਿਸ ਕਰਕੇ ਉਸਦੇ ਪਿੰਡ ਪਹੁੰਚ ਕੇ ਨਿਹੰਗਾਂ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਹੈ। ਨਿਹੰਗ ਉਸ ਤੋਂ ਮੋਬਾਈਲ ਅਤੇ ਪਰਸ ਖੋਹ ਕੇ ਲੈ ਗਏ।
ਉਧਰ ਉਸਦੇ ਹੱਕ ਵਿੱਚ ਉਸ ਦਾ ਪਿੰਡ ਵੀ ਆ ਗਿਆ ਹੈ।ਸਰਬਜੀਤ ਸਿੰਘ ਸਰਪੰਚ ਪਿੰਡ ਕੋਟਦੁੰਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ "ਪ੍ਰੋਡਿਊਸਰ ਦੇ ਪਿੰਡ ਪਹੁੰਚ ਗਏ ਨਿਹੰਗ ਵੱਲੋਂ ਕੁੱਟਮਾਰ ਕੀਤੀ ਗਈ ਹੈ, ਜੋ ਸਰਾਸਰ ਗਲਤ ਹੈ। ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਮਾਮਲੇ ਸੰਬੰਧੀ ਡੀਐੱਸਪੀ ਲਖਵੀਰ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰੋਡਿਊਸਰ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ ਹੋਇਆ ਸੀ। ਜਿਸ ਦੀ ਰੁੱਕੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਸਬੰਧੀ ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪ੍ਰੋਡਿਊਸਰ ਲੱਚਰਤਾ ਤੇ ਨਸ਼ਿਆਂ ਨੂੰ ਪ੍ਰਮੋਟ ਕਰਦਾ ਸੀ। ਜਿਸ ਕਰਕੇ ਉਹਨਾਂ ਨੂੰ ਉਸਦੀ ਕੁੱਟਮਾਰ ਦਾ ਕਦਮ ਚੁੱਕਣਾ ਪਿਆ। ਉਹਨਾਂ ਕਿਹਾ ਕਿ ਭਾਵੇਂ ਪਰਚਾ ਉਹਨਾਂ ਤੇ ਦਰਜ ਹੋ ਗਿਆ, ਪਰ ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਉਹਨਾਂ ਪ੍ਰੋਡਿਊਸਰ ਵਲੋਂ ਪੈਸੇ ਮੰਗਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰੋਡਿਊਸਰ ਇਸ ਦੇ ਸਬੂਤ ਪੇਸ਼ ਕਰੇ। ਇਹ ਦੋਸ਼ ਝੂਠੇ ਹਨ।
ਉਹਨਾਂ ਪਿੰਡ ਦੇ ਲੋਕਾਂ ਵਲੋਂ ਪ੍ਰੋਡਿਊਸਰ ਦੀ ਹਮਾਇਤ ਕਰਨ 'ਤੇ ਕਿਹਾ ਕਿ ਪ੍ਰੋਡਿਊਸਰ ਦੀਆਂ ਵੀਡੀਓਜ਼ ਪਿੰਡ ਦੀਆਂ ਸਾਰੀਆਂ ਧੀਆਂ ਭੈਣਾਂ ਦੇ ਸਾਹਮਣੇ ਦਿਖਾਵੇ। ਜੇਕਰ ਬੇਝਿਕ ਪਿੰਡ ਦੀਆਂ ਔਰਤਾਂ ਇਹ ਵੀਡੀਓਜ਼ ਦੇਖ ਗਈਆਂ ਤਾਂ ਉਹ ਪ੍ਰੋਡਿਊਸਰ ਤੋਂ ਖੁਦ ਮੁਆਫੀ ਮੰਗ ਲੈਣਗੇ। ਉਹਨਾਂ ਕਿਹਾ ਕਿ ਪ੍ਰੋਡਿਊਸਰ ਨਾਲ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਪ੍ਰੋਡਿਊਸਰ ਲੱਚਰਤਾ ਵਾਲੇ ਕੰਮ ਬੰਦ ਕਰ ਦੇਵੇ, ਉਹ ਕੁਝ ਨਹੀਂ ਆਖਣਗੇ।
ਉਧਰ ਇਸ ਮੌਕੇ ਥਾਣੇ ਵਿਚ ਮੌਜੂਦ ਨਿਹੰਗ ਅੰਮ੍ਰਿਤਪਾਲ ਸਿੰਘ ਦੇ ਸਮੱਰਥਕਾਂ ਨੇ ਕਿਹਾ ਕਿ ਪ੍ਰੋਡਿਊਸਰ ਵੱਲੋਂ ਫੈਲਾਈ ਜਾ ਰਹੀ ਲੱਚਰਤਾ ਨੂੰ ਰੋਕਣ ਲਈ ਅੰਮ੍ਰਿਤਪਾਲ ਨੇ ਇਹ ਕਦਮ ਚੁੱਕਿਆ ਹੈ।ਜਿਸਦਾ ਉਹ ਸਾਥ ਦਿੰਦੇ ਹਨ।






















