
ਪੰਜਾਬ ਆਏਗਾ ਰਾਮ ਰਹੀਮ! ਬੇਅਦਬੀ ਮਾਮਲੇ 'ਚ ਫਰੀਦਕੋਟ ਅਦਾਲਤ ਨੇ ਜਾਰੀ ਕੀਤਾ ਪ੍ਰੋਡਕਸ਼ਨ ਵਾਰੰਟ
ਪੰਜਾਬ ‘ਚ 2015 ਦੇ ਬਰਗਾੜੀ ਬੇਅਦਬੀ ਮਾਮਲੇ ‘ਚ SIT ਨੇ ਰਾਮ ਰਹੀਮ ਦੇ ਨਾਮ ਦਾ ਪ੍ਰੋਡਕਸ਼ਨ ਵਾਰੰਟ ਕੋਟਕਪੁਰਾ ਕੋਰਟ ਤੋਂ ਹਾਸਿਲ ਕਰ ਲਿਆ ਹੈ।

ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।ਪੰਜਾਬ ‘ਚ 2015 ਦੇ ਬਰਗਾੜੀ ਵਿਖੇ ਹੋਏ ਬੀੜ ਸਾਹਿਬ ਚੋਰੀ ਮਾਮਲੇ ‘ਚ SIT ਨੇ ਰਾਮ ਰਹੀਮ ਦੇ ਨਾਮ ਦਾ ਪ੍ਰੋਡਕਸ਼ਨ ਵਾਰੰਟ ਕੋਟਕਪੁਰਾ ਕੋਰਟ ਤੋਂ ਹਾਸਿਲ ਕਰ ਲਿਆ ਹੈ।ਹੁਣ ਰਾਮ ਰਹੀਮ ਨੂੰ 29 ਅਕਤੂਬਰ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ।ਰਾਮ ਰਹੀਮ ਪਹਿਲਾਂ ਹੀ ਕਤਲ ਅਤੇ ਬਲਾਤਕਾਰ ਦੇ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ ਸਜ਼ਾ ਕੱਟ ਰਿਹਾ ਹੈ।
ਜੂਡਿਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬਾਜਾਖਾਨਾ ਦੀ ਅਦਾਲਤ ਨੇ ਅੱਜ ਇਹ ਵਾਰੰਟ ਜਾਰੀ ਕੀਤੇ ਹਨ।1 ਜੂਨ 2015 ਨੂੰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਬੀੜ ਸਾਹਿਬ ਚੋਰੀ ਹੋਇਆ ਸੀ।ਪਿੱਛਲੇ ਸਾਲ ਜੁਲਾਈ ਵਿੱਚ ਰਾਮ ਰਹੀਮ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ।ਇਸ ਮਾਮਲੇ 'ਚ ਰਾਮ ਰਹੀਮ ਨੂੰ ਮਿਲਾ ਕਿ ਕੁੱਲ੍ਹ 11 ਆਰੋਪੀ ਸੀ ਜਿਨ੍ਹਾਂ ਵਿੱਚ ਇੱਕ (ਮਹਿੰਦਰ ਪਾਲ ਬਿੱਟੂ) ਦਾ ਕਤਲ ਕਰ ਦਿੱਤਾ ਗਿਆ ਸੀ।ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਬੀੜ ਚੋਰੀ ਮਾਮਲੇ ਅਤੇ ਸਤੰਬਰ ਦੇ ਵਿੱਚ ਹੋਏ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬ ਦੇ ਫਰੀਦਕੋਟ ਦੀ ਇੱਕ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਹੁਣ ਪੰਜਾਬ ਪੁਲਿਸ ਡੇਰਾ ਮੁਖੀ ਨੂੰ ਪੁੱਛਗਿੱਛ ਲਈ ਲਿਆ ਸਕਦੀ ਹੈ। ਸਾਲ 2015 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇੱਕ ਗੁਰਦੁਆਰੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਡੇਰਾ ਮੁਖੀ ਨੂੰ ਲਿਆਉਣ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ’ਤੇ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਮਿਸ ਤਰਜਨੀ ਨੇ ਹੁਕਮ ਜਾਰੀ ਕੀਤੇ ਹਨ।
ਅਦਾਲਤ ਨੇ ਡੇਰਾ ਮੁਖੀ ਨੂੰ 29 ਅਕਤੂਬਰ ਨੂੰ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਮਿਲਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੀ ਐਸਆਈਟੀ ਹਰਿਆਣਾ ਦੀ ਰੋਹਤਕ ਜੇਲ੍ਹ ਪ੍ਰਸ਼ਾਸਨ ਨਾਲ ਗੱਲ ਕਰੇਗੀ। ਰੋਹਤਕ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ-ਹਰਿਆਣਾ ਗ੍ਰਹਿ ਵਿਭਾਗਾਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਇਹ ਤੈਅ ਕੀਤਾ ਜਾਵੇਗਾ ਕਿ ਡੇਰਾ ਮੁਖੀ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਜਾਂ ਨਹੀਂ?
ਡੇਰਾ ਮੁਖੀ ਰਾਮ ਰਹੀਮ ਵੱਲੋਂ 29 ਅਪ੍ਰੈਲ 2007 ਨੂੰ ਸਲਾਬਤਪੁਰਾ ਵਿਖੇ ਡੇਰਾ ਪ੍ਰੇਮੀਆਂ ਨੂੰ ਜਾਮ-ਏ-ਇਨਸਾਨ ਦੇ ਦਿੱਤੇ ਜਾਣ ਤੋਂ ਬਾਅਦ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿੱਚ ਝੜਪ ਹੋਈ ਸੀ। ਉਸ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਕਦੇ ਪੰਜਾਬ ਨਹੀਂ ਆਇਆ। ਹੁਣ ਜੇਕਰ SIT ਬੇਅਦਬੀ ਮਾਮਲੇ 'ਚ ਪੁੱਛਗਿੱਛ ਲਈ ਉਸ ਨੂੰ ਪੰਜਾਬ ਲੈ ਕੇ ਆਉਂਦੀ ਹੈ ਤਾਂ 14 ਸਾਲਾਂ ਬਾਅਦ ਪਹਿਲੀ ਵਾਰ ਡੇਰਾ ਮੁਖੀ ਪੰਜਾਬ ਦੀ ਧਰਤੀ 'ਤੇ ਆਵੇਗਾ। ਹਾਲਾਂਕਿ, ਇਸਦੀ ਉਮੀਦ ਬਹੁਤ ਘੱਟ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
