ਪਟਿਆਲਾ: ਸ਼੍ਰੋਮਣੀ ਕਮੇਟੀ, ਅਕਾਲੀ ਦਲ, ਕਾਂਗਰਸ ਤੇ ਪੰਜਾਬ ਦੀਆਂ ਹੋਰ ਸਮਾਜਿਕ ਸਿਆਸੀ ਪਾਰਟੀ ਨੂੰ ਮਾਂ ਬੋਲੀ ਪੰਜਾਬੀ ਦਾ ਕੋਈ ਫਿਕਰ ਨਹੀਂ ਪਰ ਇੱਕ ਕਨੱੜ ਪ੍ਰੋਫੈਸਰ ਦੀ ਚਾਰਾਜੋਈ ਸ਼ਾਇਦ ਉਨ੍ਹਾਂ ਜ਼ਰੂਰ ਹਲੂਣਾ ਦੇਵੇਗੀ। ਕਨੱੜ ਪ੍ਰੋਫੈਸਰ ਨੇ ਪੰਜਾਬ 'ਚ ਕੌਮੀ ਰਾਜ ਮਾਰਗਾਂ 'ਤੇ ਪੰਜਾਬੀ ਨੂੰ ਮਾਣ ਦੁਆਉਣ ਲਈ ਪੀਡਬਲਿਊਡੀ ਨੂੰ ਕਾਨੂੰਨੀ ਨੋਟਿਸ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ 'ਚ ਇਕੱਲਿਆਂ ਹੀ ਪੰਜਾਬੀ ਲਈ ਰੋਸ ਮਾਰਚ ਕੱਢਿਆ ਤਾਂ ਉਨ੍ਹਾਂ ਵੇਖ ਪੰਜਾਬੀਆਂ ਨੂੰ ਇੱਕ ਵਾਰ ਸ਼ਰਮ ਜ਼ਰੂਰ ਆਈ।


ਸ਼ਰਮ ਵਾਲੀ ਗੱਲ਼ ਇਹ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਮਾਣ ਦੁਆਉਣ ਦਾ ਜਿੰਮਾ ਪੰਜਾਬੀਆਂ ਦਾ ਹੈ ਪਰ ਕਨੱੜ ਦੇ ਇੱਕ ਪ੍ਰੋਫੈਸਰ ਇਸ ਨੂੰ ਨਿਭਾਅ ਰਹੇ ਹਨ। ਉਨ੍ਹਾਂ ਨੇ ਅੱਜ ਪੰਜਾਬ ਵਿੱਚ ਕੌਮੀ ਰਾਜ ਮਾਰਗਾਂ 'ਤੇ ਲਿਖੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ 'ਤੇ ਲਿਖਣ ਵਿਰੁੱਧ ਪੀਡਬਲਿਊਡੀ ਤੇ ਬੀ ਐਂਡ ਆਰ ਵਿਭਾਗ ਨੂੰ ਕਾਨੂੰਨੀ ਨੋਟਿਸ ਦੇ ਕੇ ਤਿੰਨ ਮਹੀਨਿਆਂ ਅੰਦਰ ਬੋਰਡਾਂ 'ਤੇ ਪੰਜਾਬੀ ਪਹਿਲੇ ਨੰਬਰ 'ਤੇ ਲਿਖਣ ਵਾਸਤੇ ਆਖਿਆ ਹੈ।

ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰੋ. ਪੰਡਿਤਰਾਓ ਧਰੇਨਵਰ ਨੇ ਅੱਜ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ 'ਤੇ ਲਿਖਵਾਉਣ ਦੀ ਮੰਗ ਨੂੰ ਲੈ ਕੇ ਇੱਥੇ ਬੱਸ ਸਟੈਂਡ ਤੋਂ ਲੈ ਕੇ ਮਿੰਨੀ ਸਕੱਤਰੇਤ ਵਿੱਚ ਪੀਡਬਲਿਊਡੀ ਤੇ ਬੀ ਐਂਡ ਆਰ ਵਿਭਾਗ ਦੇ ਮੁੱਖ ਦਫਤਰ ਤੱਕ ਇਕੱਲਿਆਂ ਹੀ ਮਾਰਚ ਕੱਢਿਆ। ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ ਜੀ...ਦੀ ਤਖਤੀ ਆਪਣੇ ਸਿਰ 'ਤੇ ਚੁੱਕੀ ਹੋਈ ਸੀ। ਇਹ ਪ੍ਰੋਫੈਸਰ ਫਿਰ ਪੀਡਬਲਿਊਡੀ ਦੇ ਚੀਫ ਇੰਜਨੀਅਰ ਕੋਲ ਪਹੁੰਚੇ ਤੇ ਉਨ੍ਹਾਂ ਨੂੰ ਪੱਤਰ ਨੁਮਾ ਇਹ ਨੋਟਿਸ ਸੌਂਪਿਆ।

ਪ੍ਰੋ. ਪੰਡਤਰਾਓ ਧਰੇਨਵਰ ਨੇ ਦੱਸਿਆ ਕਿ ਇਹ ਪੱਤਰ ਨੁਮਾ ਨੋਟਿਸ ਤਿੰਨ ਮਹੀਨਿਆਂ ਲਈ ਹੈ ਤੇ ਜੇਕਰ ਵਿਭਾਗ ਨੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਵਿਚਲੇ ਕੌਮੀ ਰਾਜ ਮਾਰਗਾਂ 'ਤੇ ਬੋਰਡਾਂ ਉਪਰ ਪੰਜਾਬੀ ਪਹਿਲੇ ਨੰਬਰ 'ਤੇ ਨਾ ਲਿਖੀ ਤਾਂ ਉਹ ਕੋਰਟ ਜਾਣਗੇ। ਉਨ੍ਹਾਂ ਨੇ ਕੌਮੀ ਰਾਜ ਮਾਰਗ ਨੰਬਰ 54 ਦੀਆਂ ਤਸਵੀਰਾਂ ਵਿਖਾਉਂਦਿਆਂ ਦੱਸਿਆ ਕਿ ਹਿੰਦੀ ਪਹਿਲੇ ਨੰਬਰ 'ਤੇ, ਅੰਗਰੇਜ਼ੀ ਦੂਜੇ ਤੇ ਪੰਜਾਬੀ ਤੀਜੇ ਨੰਬਰ 'ਤੇ ਲਿਖੀ ਗਈ ਹੈ ਜਦਕਿ 1963 ਦੇ ਸਰਕਾਰੀ ਭਾਸ਼ਾ ਐਕਟ ਅਨੁਸਾਰ ਸਥਾਨਕ ਭਾਸ਼ਾ ਪਹਿਲੇ ਨੰਬਰ 'ਤੇ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਤੀਜੇ ਸਥਾਨ 'ਤੇ ਲਿਖਣਾ ਮਾਂ ਬੋਲੀ ਦਾ ਅਪਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਾਂ ਮੀਲ ਪੱਥਰ ਵੀ ਹੁਣ ਹਿੰਦੀ ਵਿਚ ਲਿਖੇ ਜਾ ਰਹੇ ਹਨ ਜੋ ਹੈਰਾਨੀਜਨਕ ਵਰਤਾਰਾ ਹੈ। ਪ੍ਰੋ. ਪੰਡਤਰਾਓ ਧਰੇਨਵਰ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ ਇਨ੍ਹਾਂ ਬੋਰਡਾਂ 'ਤੇ ਪੰਜਾਬੀ ਪਹਿਲੇ ਨੰਬਰ 'ਤੇ ਲਿਖ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਮੂਲ ਰੂਪ ਵਿੱਚ ਕਰਨਾਟਕਾ ਦੇ ਰਹਿਣ ਵਾਲੇ ਪ੍ਰੋ. ਪੰਡਤਰਾਓ ਧਰੇਨਵਰ ਨੇ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਆਸਾ ਦੀ ਵਾਰ ਤੇ ਜਫਰਨਾਮੇ ਦਾ ਕੰਨੜ ਭਾਸ਼ਾ ਵਿਚ ਤਰਜਮਾ ਵੀ ਕੀਤਾ ਹੈ।