ਚੰਡੀਗੜ੍ਹ: ਦੋ ਦਿਨ ਬੱਸਾਂ ਦਾ ਚੱਕਾ ਜਾਮ ਰੱਖਣ ਤੋਂ ਬਾਅਦ ਪਨਬੱਸ ਮੁਲਾਜ਼ਮਾਂ ਨੂੰ ਟਰਾਂਸਪੋਰਟ ਮੰਤਰੀ ਨਾਲ ਬੈਠਕ ਦਾ ਸਮਾਂ ਤਾਂ ਮਿਲ ਗਿਆ, ਪਰ ਉਨ੍ਹਾਂ ਦੀ ਇਹ ਬੈਠਕ ਬੇਸਿੱਟਾ ਰਹੀ। ਹੁਣ ਸੋਮਵਾਰ ਨੂੰ ਮੁੜ ਤੋਂ ਬੈਠਕ ਸੱਦੀ ਗਈ ਹੈ।

ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਅੱਜ ਦੀ ਬੈਠਕ ਵਿੱਚ ਕੁਝ ਮੁੱਦਿਆਂ 'ਤੇ ਤਾਂ ਸਹਿਮਤੀ ਬਣ ਗਈ ਹੈ ਪਰ ਕੁਝ ਮੁੱਦੇ ਬਾਕੀ ਰਹਿੰਦੇ ਹਨ। ਇਸ ਲਈ ਸੋਮਵਾਰ ਨੂੰ ਉਨ੍ਹਾਂ 'ਤੇ ਮੁੜ ਤੋਂ ਚਰਚਾ ਕੀਤੀ ਜਾਏਗੀ। ਜੇਕਰ ਸੋਮਵਾਰ ਨੂੰ ਸਹਿਮਤੀ ਬਣਦੀ ਹੈ ਤਾਂ ਠੀਕ, ਨਹੀਂ ਤਾਂ ਬੈਠਕਾਂ ਦਾ ਦੌਰ ਅੱਗੇ ਵੀ ਜਾਰੀ ਰਹਿ ਸਕਦਾ ਹੈ।

ਪਨਬੱਸ ਯੂਨੀਅਨ ਦੀ ਮੰਗ ਹੈ ਕਿ ਆਊਟਸੋਰਸ ਰਾਹੀਂ ਭਰਤੀ ਕੀਤੇ ਜਾ ਰਹੇ ਡਰਾਈਵਰ ਤੇ ਕੰਡਕਟਰਾਂ ਨੂੰ ਕੰਟਰੈਕਟ ਵਿੱਚ ਭਰਤੀ ਕੀਤਾ ਜਾਵੇ ਤੇ ਠੇਕੇ 'ਤੇ ਭਰਤੀ ਮੁਲਾਜ਼ਮ ਨੂੰ ਪੱਕੇ ਕੀਤਾ ਜਾਵੇ। ਮੁਲਾਜ਼ਮਾਂ ਦੀ ਇਸ ਮੰਗ 'ਤੇ ਹਾਲੇ ਮੰਤਰੀ ਵੱਲੋਂ ਕੋਈ ਵੀ ਰਜ਼ਾਮੰਦੀ ਨਹੀਂ ਦਿੱਤੀ ਗਈ। ਇਸ ਕਰਕੇ ਅਗਲੀ ਬੈਠਕ ਸੋਮਵਾਰ ਨੂੰ ਬੁਲਾਈ ਗਈ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਨਹੀਂ ਹੋਇਆ ਤਾਂ ਸੋਮਵਾਰ ਤੋਂ ਬਾਅਦ ਉਹ ਆਪਣੇ ਸੰਘਰਸ਼ ਦੀ ਤਿਆਰੀ ਕਰਨਗੇ।