ਮਨਚੈਸਟਰ: ਇੱਥੋਂ ਭਾਰਤ-ਨਿਊਜ਼ੀਲੈਂਡ ਦੇ ਮੈਚ ਦਰਮਿਆਨ ਖ਼ਾਲਿਸਤਾਨ ਪੱਖੀ ਕਾਰਕੁਨਾਂ ਨੂੰ ਸਥਾਨਕ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਉਨ੍ਹਾਂ 'ਤੇ ਇਲਜ਼ਾਮ ਹੈ ਕਿ ਉਹ ਭਾਰਤ ਖ਼ਿਲਾਫ਼ ਪ੍ਰਚਾਰ ਕਰ ਰਹੇ ਸੀ। ਘਟਨਾ ਮੰਗਲਵਾਰ ਨੂੰ ਉਸ ਸਮੇਂ ਵਾਪਰੀ ਜਦ ਦੋਵਾਂ ਟੀਮਾਂ ਦਰਮਿਆਨ ਸੈਮੀ-ਫਾਈਨਲ ਮੁਕਾਬਲਾ ਜਾਰੀ ਸੀ।

ਕੌਮਾਂਤਰੀ ਕ੍ਰਿਕਟ ਕੌਂਸਲ ਦੇ ਬੁਲਾਰੇ ਨੇ ਦੱਸਿਆ ਕਿ ਮੈਚ ਦੌਰਾਨ ਖੇਡ ਪ੍ਰਸ਼ੰਸਕਾਂ ਦਰਮਿਆਨ ਛੋਟੇ ਜਿਹੇ ਝੁੰਡ ਨੇ ਸਿਆਸੀ ਪ੍ਰਦਰਸ਼ਨ ਕਰਕੇ ਟਿਕਟ ਦੇ ਨੇਮਾਂ ਤੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਮੈਦਾਨ ਵਿੱਚੋਂ ਜਾਣ ਲਈ ਕਿਹਾ ਗਿਆ। ਪ੍ਰਦਰਸ਼ਨਕਾਰੀ ਪੰਜਾਬ ਨੂੰ ਖ਼ਾਲਿਸਤਾਨ ਵਜੋਂ ਵੱਖਰਾ ਦੇਸ਼ ਬਣਾਉਣ ਲਈ ਰੈਫਰੰਡਮ ਕਰਵਾਉਣ ਲਈ ਪ੍ਰਚਾਰ ਕਰ ਰਹੇ ਸਨ।



ਬੁਲਾਰੇ ਨੇ ਕਿਹਾ ਕਿ ਅਸੀਂ ਆਈਸੀਸੀ ਵਿਸ਼ਵ ਕੱਪ ਦੌਰਾਨ ਕਿਸੇ ਨੂੰ ਸਿਆਸੀ ਸੰਦੇਸ਼ ਦੇਣ ਦੀ ਆਗਿਆ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਰੋਸ ਪ੍ਰਦਰਸ਼ਨ ਬੰਦ ਕਰਨ ਲਈ ਕਿਹਾ ਗਿਆ, ਜਦ ਉਨ੍ਹਾਂ ਮਨ੍ਹਾ ਕਰ ਦਿੱਤਾ ਤਾਂ ਉਨ੍ਹਾਂ ਬਾਹਰ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ-ਸ਼੍ਰੀਲੰਕਾ ਦਰਮਿਆਨ ਖੇਡੇ ਗਏ ਆਖਰੀ ਲੀਗ ਮੈਚ ਦੌਰਾਨ ਕਸ਼ਮੀਰ ਬਾਰੇ ਭਾਰਤ ਵਿਰੋਧੀ ਪੋਸਟਰਾਂ ਨੂੰ ਹਵਾਈ ਜਹਾਜ਼ ਰਾਹੀਂ ਲਹਿਰਾਇਆ ਗਿਆ ਸੀ। ਖੇਡ ਦੌਰਾਨ ਮੈਚ ਤੋਂ 'No Fly Zone' ਐਲਾਨਿਆ ਹੁੰਦਾ ਹੈ, ਭਾਵ ਮੈਦਾਨ ਉੱਪਰੋਂ ਕੋਈ ਵੀ ਜਹਾਜ਼ ਉਡਾਣ ਨਹੀਂ ਭਰ ਸਕਦਾ। ਅਜਿਹੇ ਵਿੱਚ ਇਹ ਘਟਨਾ ਵਾਪਰੀ, ਇਸ 'ਤੇ ਕਾਫੀ ਵਿਵਾਦ ਖੜ੍ਹਾ ਹੋਇਆ ਸੀ।