ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਬੁੱਧਵਾਰ ਨੂੰ ਨਿਯੁਕਤੀਆਂ ਦੀ ਨੀਤੀ (Policy of Appointments of Honour and Gratitude) ਵਿੱਚ ਸੋਧ ਕਰਕੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਣ ਵਾਲੇ ਕੁਆਰੇ ਜਵਾਨਾਂ ਦੇ ਵਿਆਹੇ ਭੈਣ-ਭਰਾਵਾਂ ਨੂੰ ਸਟੇਟ ਸਰਵਿਸਸ ਵਿੱਚ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ।


ਇਹ ਫੈਸਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸਿਪਾਹੀ ਗੁਰਤੇਜ ਸਿੰਘ, ਸਿਪਾਹੀ ਗੁਰਬਿੰਦਰ ਸਿੰਘ ਤੇ L/NK ਸਲੀਮ ਖ਼ਾਨ ਵੱਲੋਂ ਦੇਸ਼ ਲਈ ਕੁਰਬਾਨੀ ਦੇ ਸਨਮਾਨ ਵਜੋਂ ਲਿਆ ਗਿਆ ਹੈ। ਇਸ ਸੋਧ ਤੋਂ ਪਹਿਲਾਂ ਸਿਰਫ ਨਿਰਭਰ ਮਾਪੇ ਜਾਂ ਭੈਣ-ਭਰਾਵਾਂ ਨੂੰ ਹੀ ਨੌਕਰੀ ਦਿੱਤੀ ਜਾਂਦੀ ਸੀ। ਇਸ ਕੇਸ ਵਿੱਚ ਸ਼ਹੀਦ ਫੌਜੀਆਂ ਦੇ ਵਿਆਹੇ ਭਰਾਵਾਂ ਨੂੰ ਵੀ ਨੌਕਰੀ ਦੇਣ ਦਾ ਫੈਸਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।

ਦੱਸ ਦੇਈਏ ਕਿ ਪੰਜ ਸੈਨਿਕਾਂ ਨੇ ਜੂਨ 2020 ਵਿੱਚ ਲੱਦਾਖ ਸੈਕਟਰ ਦੀ ਗਲਵਾਨ ਘਾਟੀ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਕੀਤੇ ਅਚਾਨਕ ਹਮਲੇ ਦੌਰਾਨ ਆਪਣੀ ਜਾਨ ਦੇ ਦਿੱਤੀ ਸੀ। ਅਜਿਹੀਆਂ ਮੌਤਾਂ ਨੂੰ ਆਮ ਤੌਰ 'ਤੇ ਆਰਮੀ ਹੈੱਡਕੁਆਰਟਰਾਂ ਵੱਲੋਂ ਬੈਟਲ ਕੈਜੂਅਲਿਟੀ ਐਲਾਨਿਆ ਜਾਂਦਾ ਹੈ ਤੇ ਅਜਿਹੇ ਸੈਨਿਕਾਂ ਦੇ ਰਿਸ਼ਤੇਦਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਨਿਯੁਕਤੀਆਂ ਦੀ ਨੀਤੀ ਅਨੁਸਾਰ, ਰਾਜ ਸਰਕਾਰ ਵਲੋਂ ਹਰੇਕ ਸ਼ਹੀਦ ਸਿਪਾਹੀ ਦੇ ਇੱਕ ਨਿਰਭਰ ਪਰਿਵਾਰਕ ਮੈਂਬਰ ਨੂੰ ਵੀ ਨੌਕਰੀ ਦਿੱਤੀ ਜਾਂਦੀ ਹੈ।