ਚੰਡੀਗੜ੍ਹ: ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਦੇ ਖਿਲਾਫ 25 ਸਾਲ ਪੁਰਾਣੇ ਇੱਕ ਫੇਕ ਐਨਕਾਊਂਟਰ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੀ ਐੱਸਆਈਟੀ ਨਿਯੁਕਤ ਕਰ ਦਿੱਤੀ ਹੈ। ਐੱਸਆਈਟੀ ਦੇ ਮੁਖੀ ਡੀਜੀਪੀ ਸਿਧਾਰਥ ਚਟੋਪਾਧਿਆ ਸਮੇਤ ਏਡੀਜੀਪੀ ਗੁਰਪ੍ਰੀਤ ਦਿਓ ਤੇ ਆਈਜੀ ਬੀ ਚੰਦਰ ਸ਼ੇਖਰ ਹੋਣਗੇ। ਮਾਮਲੇ ਦੀ ਤਫ਼ਤੀਸ਼ ਇਨ੍ਹਾਂ ਅਫ਼ਸਰਾਂ ਵੱਲੋਂ ਕੀਤੀ ਜਾਏਗੀ।

ਮਾਮਲਾ 13-8-1994 ਦਾ ਹੈ, ਜਦੋਂ ਸੁਖਪਾਲ ਨਾਂ ਦਾ ਵਿਅਕਤੀ ਪਿੰਡ ਕਾਲਾ ਅਫ਼ਗਾਨਾ ਜ਼ਿਲ੍ਹਾ ਗੁਰਦਾਸਪੁਰ ਆਪਣੇ ਘਰ ਤੋਂ ਗਾਇਬ ਹੋ ਗਿਆ ਸੀ। ਸੁਖਪਾਲ ਦੇ ਗਾਇਬ ਹੋਣ 'ਤੇ ਪਤਨੀ ਦਲਬੀਰ ਕੌਰ ਨੇ ਪੁਲਿਸ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦਲਵੀਰ ਕੌਰ ਦੇ ਕੋਸ਼ਿਸ਼ਾਂ ਦੇ ਬਾਵਜੂਦ ਵੀ ਸੁਖਪਾਲ ਦਾ ਕੁਝ ਅਤਾ-ਪਤਾ ਨਹੀਂ ਲੱਗਿਆ ਸੀ।

ਹਿਊਮਨ ਰਾਈਟ ਐਕਟਵਿਸਟ ਕਰਨਲ ਜੀਐੱਸ ਸੰਧੂ ਨੇ ਤਕਰੀਬਨ ਵੀਹ ਸਾਲ ਬਾਅਦ ਮਾਮਲਾ ਹਾਈਕੋਰਟ ਦੇ ਅਧੀਨ ਲਿਆਂਦਾ ਤੇ ਸੀਬੀਆਈ ਜਾਂ ਇੱਕ ਆਜ਼ਾਦ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਸੁਖਪਾਲ ਸਿੰਘ ਦੇ ਘਰੋਂ ਗਾਇਬ ਹੋਣ ਤੋਂ ਬਾਅਦ ਰੋਪੜ ਪੁਲਿਸ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਕਿ ਮਸ਼ਹੂਰ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਨੂੰ ਪੁਲਿਸ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਗਿਆ। ਪਰਮਰਾਜ ਸਿੰਘ ਉਮਰਾਨੰਗਲ ਉਸ ਸਮੇਂ ਡੀਐੱਸਪੀ ਰੋਪੜ ਵਜੋਂ ਤਾਇਨਾਤ ਸਨ।

1994 ਵਿੱਚ ਕੀਤੇ ਗਏ ਬੰਡਾਲੇ ਦਾ ਐਨਕਾਊਂਟਰ 2007 ਵਿੱਚ ਝੂਠਾ ਸਾਬਿਤ ਹੋਇਆ। ਇਸ ਤੋਂ ਬਾਅਦ ਪੁਲਿਸ ਤੇ ਸ਼ੱਕ ਦੀ ਸੂਈ ਆਈ। 2013 ਵਿੱਚ ਮਾਮਲਾ ਹਾਈਕੋਰਟ ਦੇ ਅਧੀਨ ਪਹੁੰਚਿਆ ਤੇ ਸੀਬੀਆਈ ਜਾਂ ਇੱਕ ਵੱਖਰੇ ਤੌਰ 'ਤੇ ਏਜੰਸੀ ਵੱਲੋਂ ਤਫ਼ਤੀਸ਼ ਦੀ ਮੰਗ ਕੀਤੀ ਗਈ। ਹੁਣ ਇਸ ਮਾਮਲੇ ਦੀ ਜਾਂਚ ਲਈ SIT ਗਠਿਤ ਕਰ ਦਿੱਤੀ ਗਈ ਹੈ।

ਦੱਸ ਦੇਈਏ ਕੋਟਕਪੁਰਾ ਗੋਲ਼ੀ ਕਾਂਡ ਮਾਮਲੇ ਵਿੱਚ ਘਿਰੇ ਆਈਜੀ ਪਰਮਰਾਜ ਉਮਰਾਨੰਗਲ ਸੋਮਵਾਰ ਨੂੰ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਨੇ ਇਸ ਮਾਮਲੇ ਵਿੱਚ 10 ਜੂਨ ਨੂੰ ਮੁੜ ਪੇਸ਼ ਹੋਣ ਲਈ ਤਾਰੀਖ਼ ਦੇ ਦਿੱਤੀ ਹੈ। ਇਸ ਮੌਕੇ ਉਮਰਾਨੰਗਲ ਦੇ ਵਕੀਲ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਇਹ ਨਾਰਮਲ ਹਾਜ਼ਰੀ-ਪੇਸ਼ੀ ਹੈ ਕਿਉਂਕਿ ਹੁਣ ਤਕ ਇਸ ਮਾਮਲੇ ਵਿੱਚ ਕੋਈ ਚਲਾਨ ਪੇਸ਼ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਅਦਾਲਤ ਵਿੱਚ ਇਸ ਮਾਮਲੇ ਬਾਰੇ ਕੋਈ ਕਾਰਵਾਈ ਨਹੀਂ ਹੋ ਰਹੀ।