ਚੰਡੀਗੜ੍ਹ: ਪੰਜਾਬ ਪੁਲਿਸ ਦਾ ਜਵਾਨ ਜਗਦੀਪ ਆਪਣੀ 7 ਫੁੱਟ 6 ਇੰਚ ਲੰਬਾਈ ਕਰਕੇ ਸੈਲੀਬ੍ਰਿਟੀ ਬਣ ਗਿਆ ਹੈ। ਸ਼ਾਂਤ ਸੁਭਾਅ ਦਾ ਇਹ ਜਵਾਨ ਜ਼ਿਆਦਾਤਰ ਇਕੱਲਾ ਰਹਿਣਾ ਪਸੰਦ ਕਰਦਾ ਹੈ। ਇੱਕ ਪਾਸੇ ਤਾਂ ਇੰਨੀ ਲੰਬਾਈ ਕਰਕੇ ਉਸ ਨੂੰ ਇੰਨੀ ਪ੍ਰਸਿੱਧੀ ਮਿਲੀ ਹੈ ਪਰ ਦੂਜੇ ਪਾਸੇ ਉਸ ਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਸਟੇਸ਼ਨ ਵਿੱਚ ਪੁੱਜਦਿਆਂ ਹੀ ਉਸ ਨੂੰ ਸਭ ਤੋਂ ਪਹਿਲਾਂ ਵੇਖਣਾ ਪੈਂਦਾ ਹੈ ਕਿ ਇੱਥੇ ਕੋਈ ਮਜਬੂਤ ਕੁਰਸੀ ਮਿਲੇਗੀ ਜਾਂ ਨਹੀਂ।


ਪੰਜਾਬ ਆਰਮਡ ਪੁਲਿਸ ਵਿੱਚ ਤਾਇਨਾਤ 35 ਸਾਲਾ ਹੈੱਡ ਕਾਂਸਟੇਬਲ ਜਗਦੀਪ ਦਾ ਵਜ਼ਨ 190 ਕਿੱਲੋਗ੍ਰਾਮ ਹੈ। ਉਸ ਨੇ ਦੱਸਿਆ ਕਿ ਉਹ ਸਪੋਰਟ ਲਈ ਆਪਣੀ ਕੁਰਸੀ ਨੂੰ ਕੰਧ ਨਾਲ ਢੋਹ ਲਾ ਕੇ ਰੱਖਦਾ ਹੈ ਤੇ ਫਿਰ ਉਸ ’ਤੇ ਬੈਠਦਾ ਹੈ। ਨਹੀਂ ਤਾਂ ਅਕਸਰ ਕੁਰਸੀ ਟੁੱਟ ਜਾਂਦੀ ਹੈ ਜਿਸ ਕਰਕੇ ਉਸ ਨੂੰ ਕਈ ਵਾਰ ਸ਼ਰਮਿੰਦਿਆਂ ਹੋਣਾ ਪੈਂਦਾ ਹੈ।

ਜਗਦੀਪ ਨੂੰ ਆਮ ਤੌਰ ’ਤੇ ਪੁਲਾਂ ਵਰਗੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਡਿਊਟੀ ’ਤੇ ਲਾਇਆ ਜਾਂਦਾ ਹੈ। ਉਹ ਕਿਸੇ ਵਿਸ਼ੇਸ਼ ਪੁਲਿਸ ਸਟੇਸ਼ਨ ’ਤੇ ਕੰਮ ਨਹੀਂ ਕਰ ਪਾਉਂਦਾ ਪਰ ਉਸ ਨੂੰ ਜਿਸ ਪੋਸਟ ’ਤੇ ਵੀ ਲਾਇਆ ਜਾਂਦਾ ਹੈ, ਉੱਥੇ ਉਹ ਪੁਲਿਸ ਦੇ ਵਾਹਨਾਂ ਦਾ ਇਸਤੇਮਾਲ ਨਹੀਂ ਪਾਉਂਦੇ ਕਿਉਂਕਿ ਗੱਡੀਆਂ ਉਨ੍ਹਾਂ ਲਈ ਛੋਟੀਆਂ ਪੈ ਜਾਂਦੀਆਂ ਹਨ। ਉਹ ਆਪਣੀ ਮੌਡੀਫਾਈਡ ਮਹਿੰਦਰਾ ਬਲੈਰੋ ਲੈ ਕੇ ਜਾਂਦਾ ਹੈ ਤੇ ਇਹ ਉਸ ਲਈ ਕਾਫੀ ਮਹਿੰਗਾ ਪੈਂਦਾ ਹੈ ਕਿਉਂਕਿ ਉਸ ਨੂੰ ਆਪਣੀ ਜੇਬ੍ਹ ਵਿੱਚੋਂ ਤੇਲ ਦਾ ਖਰਚਾ ਕੱਢਣਾ ਪੈਂਦਾ ਹੈ। ਇਸ ਤੋਂ ਇਲਾਵਾ ਉਸ ਕੋਲ ਕੋਈ ਹੋਰ ਵਿਕਲਪ ਵੀ ਨਹੀਂ।

ਹਾਲ ਹੀ ਵਿੱਚ ਜਗਦੀਪ ਲਾਂਸ ਏਂਜਲਸ ਵਿੱਚ ਅਮਰੀਕਾ ਗੌਟ ਟੈਲੇਂਟ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਵਾਪਸ ਆਇਆ ਹੈ। ਉਸ ਨੇ ਕਿਹਾ ਕਿ ਹਰ ਦਿਨ ਉਸ ਲਈ ਨਵੀਂ ਮੁਸ਼ਕਲ ਲੈ ਕੇ ਚੜ੍ਹਦਾ ਹੈ। ਉਸ ਨੂੰ ਆਪਣੇ ਕੱਪੜੇ ਸਿਲਵਾਉਣ ਲਈ ਪਹਿਲਾਂ ਕਈ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੁੱਤੀ ਲੱਭਣ ਲਈ ਵੀ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਉਹ ਅਮਰੀਕਾ ਤੋਂ ਇਮਪੋਰਟ ਹੋਈ ਯੂਐਸ ਸਾਈਜ਼ 20 ਦੀ ਜੁੱਤੀ ਤੇ ਚੱਪਲਾਂ ਪਾਉਂਦਾ ਹੈ। ਵਿਆਹ ਲਈ ਕੁੜੀ ਲੱਭਣ ਵਿੱਚ ਵੀ ਕਾਫੀ ਪ੍ਰੇਸ਼ਾਨੀ ਹੋਈ ਸੀ।